ਅੰਮ੍ਰਿਤਸਰ, (ਸੰਜੀਵ)- ਪੱਤਰਕਾਰੀ ਦੀ ਆੜ 'ਚ ਪੁਲਸ ਕਰਮਚਾਰੀਆਂ ਨੂੰ ਧਮਕਾ ਕੇ ਪੈਸਿਆਂ ਦੀ ਮੰਗ ਕਰਨ ਵਾਲੇ ਫਰਜ਼ੀ ਪੱਤਰਕਾਰ ਨਵਦੀਪ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨਾਕੇ 'ਤੇ ਖੜ੍ਹੇ ਪੁਲਸ ਕਰਮਚਾਰੀਆਂ ਨੂੰ ਧਮਕੀਆਂ ਦੇ ਕੇ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦੋਂ ਪੁਲਸ ਕਰਮਚਾਰੀਆਂ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਉਹ ਪੱਤਰਕਾਰੀ ਦੀ ਧੌਂਸ ਜਮਾ ਕੇ ਉਨ੍ਹਾਂ ਨੂੰ ਧਮਕਾਉਣ ਲੱਗਾ। ਇੰਨੇ 'ਚ ਨਾਕੇ 'ਤੇ ਤਾਇਨਾਤ ਪੁਲਸ ਕਰਮਚਾਰੀ ਨੇ ਥਾਣਾ ਇੰਚਾਰਜ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪੁੱਜੇ ਥਾਣਾ ਇੰਚਾਰਜ ਨੇ ਨਵਦੀਪ ਕੁਮਾਰ ਨੂੰ ਫੜ ਲਿਆ ਤੇ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਫਰਜ਼ੀ ਪੱਤਰਕਾਰ ਹੈ ਅਤੇ ਪੈਸਿਆਂ ਦੀ ਖਾਤਿਰ ਧੌਂਸ ਜਮਾ ਰਿਹਾ ਸੀ। ਥਾਣਾ ਸੁਲਤਾਨਵਿੰਡ ਦੇ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਹੌਲਦਾਰ ਪੁਲ ਤਾਰਾਂ ਵਾਲਾ 'ਤੇ ਡਿਊਟੀ ਕਰ ਰਿਹਾ ਸੀ ਕਿ ਇਸ ਦੌਰਾਨ ਮੁਲਜ਼ਮ ਉਸ ਕੋਲ ਆਇਆ ਅਤੇ ਉਸ ਨੂੰ ਇਹ ਕਹਿ ਕੇ ਧਮਕਾਉਣ ਲੱਗਾ ਕਿ ਉਹ ਟਰੱਕ ਛੱਡਣ ਦੇ ਜੋ ਪੈਸੇ ਲੈ ਰਿਹਾ ਹੈ ਉਸ ਦੀ ਵੀਡੀਓ ਉਸ ਦੇ ਕੋਲ ਹੈ, ਜੇਕਰ ਉਹ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਨਹੀਂ ਦੇਵੇਗਾ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਵੇਗਾ, ਜਿਸ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ ਅਤੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਵਿਕਾਸ ਬਰਾਲਾ ਕਾਂਡ ਦੀ ਜਾਂਚ ਲਈ ਚੰਡੀਗੜ੍ਹ ਪੁਲਸ ਨੂੰ ਖੁੱਲ੍ਹਾ ਹੱਥ ਦਿੱਤਾ ਜਾਵੇ : ਕੈਪਟਨ
NEXT STORY