ਫਿਰੋਜ਼ਪੁਰ, (ਮਲਹੋਤਰਾ)– ਸਿਹਤ ਵਿਭਾਗ ਪਿਛਲੇ ਚਾਰ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਨਾਲ ਦੋ-ਚਾਰ ਹੋ ਰਿਹਾ ਹੈ ਅਤੇ ਵਿਭਾਗ ਦੇ ਲਗਭਗ ਸਾਰੇ ਅਧਿਕਾਰੀ, ਡਾਕਟਰ ਅਤੇ ਕਰਮਚਾਰੀ ਕੋਰੋਨਾ ਰੋਗ ਸਬੰਧੀ ਜਾਗਰੂਕਤਾ, ਇਸ ਤੋਂ ਬਚਾਅ, ਰੋਗੀਆਂ ਦੇ ਉਪਚਾਰ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰਨ 'ਚ ਰੁੱਝੇ ਹੋਏ ਹਨ। ਕੋਰੋਨਾ ਰੋਗ ਦੇ ਲਗਾਤਾਰ ਵੱਧ ਰਹੇ ਕੇਸਾਂ 'ਚ ਕੋਈ ਕਮੀ ਨਹੀਂ ਆ ਰਹੀ ਪਰ ਦੂਜੇ ਪਾਸੇ ਡੇਂਗੂ ਮੱਛਰ ਨੇ ਡੰਗਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਹੁਣ ਤੱਕ ਇਲਾਕੇ 'ਚ ਡੇਂਗੂ ਪਾਜ਼ੇਟਿਵ ਦੇ ਕਰੀਬ 15 ਮਾਮਲੇ ਸਾਹਮਣੇ ਆ ਚੁੱਕੇ ਹਨ।
ਲਗਾਤਾਰ ਕੰਮ 'ਤੇ ਲੱਗੀਆਂ ਹਨ ਟੀਮਾਂ
ਸਹਾਇਕ ਮਲੇਰੀਆ ਅਫਸਰ ਹਰਮੇਸ਼ ਚੰਦਰ ਨੇ ਦੱਸਿਆ ਕਿ ਇਸ ਸਮੇਂ ਮਲੇਰੀਆ ਯੂਨਿਟ ਦੇ ਹੈਲਥ ਵਰਕਰ ਜਿੱਥੇ ਕੋਰੋਨਾ ਦਾ ਕੰਮ ਕਰ ਰਹੇ ਹਨ, ਉਥੇ ਆਪਣੀ ਡੇਂਗੂ ਮਲੇਰੀਆ ਦੀ ਡਿਊਟੀ ਵੀ ਲਗਾਤਾਰ ਨਿਭਾ ਰਹੇ ਹਨ। ਟੀਮਾਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਦੋ ਸਰਕਾਰੀ ਦਫਤਰਾਂ ਸਮੇਤ ਕੁੱਲ 8 ਜਗ੍ਹਾ ਤੋਂ ਡੇਂਗੂ ਦਾ ਲਾਰਵਾ ਲੱਭ ਕੇ ਨਸ਼ਟ ਕੀਤਾ ਜਾ ਚੁੱਕਾ ਹੈ, ਜਦਕਿ ਡੇਂਗੂ ਪ੍ਰਭਾਵਤ 8 ਕੇਸ ਡਿਟੈਕਟ ਕੀਤੇ ਗਏ ਹਨ। ਮਲੇਰੀਆ ਅਫਸਰ ਨੇ ਦੱਸਿਆ ਕਿ ਜਿਨਾਂ ਸਥਾਨਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ ਹੈ ਉਨ੍ਹਾਂ ਘਰਾਂ ਜਾਂ ਸੰਸਥਾਵਾਂ ਦੇ ਮੁੱਖੀਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਹਰ ਸਮੇਂ ਸਫਾਈ ਬਣਾਈ ਰੱਖੀ ਜਾਵੇ, ਨਹੀਂ ਤਾਂ ਦੁਬਾਰਾ ਲਾਰਵਾ ਮਿਲਣ 'ਤੇ ਉਨ੍ਹਾਂ ਦੇ ਖਿਲਾਫ ਮਿਉਂਸੀਪਲ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ।
ਕੰਮ ਹੋ ਰਿਹਾ ਪ੍ਰਭਾਵਤ, ਮੰਗੇ ਜਾਣਗੇ ਹੋਰ ਵਰਕਰ
ਮਲੇਰੀਆ ਯੂਨਿਟ ਦੇ ਵਰਕਰਾਂ ਦੇ ਕੋਰੋਨਾ ਡਿਊਟੀ 'ਚ ਬਿਜ਼ੀ ਹੋਣ ਦੇ ਕਾਰਣ ਕੰਮ 'ਤੇ ਪੈ ਰਹੇ ਪ੍ਰਭਾਵ ਸਬੰਧੀ ਸਹਾਇਕ ਮਲੇਰੀਆ ਅਫਸਰ ਨੇ ਦੱਸਿਆ ਕਿ ਇਕ ਯੂਨਿਟ ਦੋ-ਦੋ ਕੰਮ ਇੱਕੋ ਸਮੇਂ ਤਾਂ ਨਹੀਂ ਕਰ ਸਕਦਾ। ਇਸ ਲਈ ਵਰਕਰਾਂ ਦੇ ਕੋਰੋਨਾ ਡਿਊਟੀ 'ਚ ਜ਼ਿਆਦਾ ਸਮਾਂ ਦੇਣ ਕਾਰਣ ਡੇਂਗੂ ਅਤੇ ਮਲੇਰੀਆ ਚੈਕਿੰਗ ਦਾ ਕੰਮ ਬਹੁਤ ਪ੍ਰਭਾਵਤ ਹੋ ਰਿਹਾ ਹੈ। ਇਸ ਸਮੇਂ ਕੋਰੋਨਾ ਡਿਊਟੀ ਵੀ ਜ਼ਰੂਰੀ ਹੈ ਪਰ ਹੁਣ ਵਰਖਾ ਦਾ ਸੀਜ਼ਨ ਸ਼ੁਰੂ ਹੋਣ ਕਾਰਣ ਡੇਂਗੂ, ਮਲੇਰੀਆ ਜਿਹੀਆਂ ਬੀਮਾਰੀਆਂ ਨੂੰ ਵੀ ਅੱਖੋਂ-ਪਰੋਖ ਨਹੀਂ ਕੀਤਾ ਜਾ ਸਕਾ। ਇਸ ਸਮੱਸਿਆ ਦੇ ਹੱਲ ਲਈ ਐੱਸ. ਐੱਮ. ਓ. ਦੇ ਨਾਲ ਮਿਲ ਕੇ ਕਿਸੇ ਹੋਰਨਾਂ ਬਰਾਂਚਾਂ ਦੇ ਫੀਲਡ ਵਰਕਰਾਂ ਦੀ ਡਿਊਟੀ ਡੇਂਗੂ-ਮਲੇਰੀਆ ਸ਼ਾਖਾ 'ਚ ਲਾਉਣ ਦੀ ਮੰਗ ਕੀਤੀ ਜਾਵੇਗੀ, ਤਾਂ ਕਿ ਕੋਈ ਵੀ ਕੰਮ ਪ੍ਰਭਾਵਤ ਨਾ ਹੋਵੇ।
ਦਵਾਈਆਂ ਦਾ ਸਟਾਕ ਉਪਲਬਧ, ਵਾਰਡ ਤਿਆਰ
ਏ. ਐੱਮ. ਓ. ਨੇ ਸਪੱਸ਼ਟ ਕੀਤਾ ਕਿ ਡੇਂਗੂ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਵਿਭਾਗ ਦੇ ਕੋਲ ਮੱਛਰ ਮਾਰ ਦਵਾਈਆਂ ਦਾ ਪੂਰਾ ਸਟਾਕ ਹੈ ਅਤੇ ਜਿੱਥੇ ਕਿਤੇ ਲੋੜ ਹੁੰਦੀ ਹੈ ਉਥੇ ਦਵਾਈ ਦਾ ਸਪਰੇਅ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ 'ਚ ਡੇਂਗੂ ਮਰੀਜ਼ਾਂ ਦੇ ਲਈ ਅਲੱਗ ਤੋਂ ਵਾਰਡ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਜਾਲੀਆਂ ਵਾਲੇ ਬੈੱਡ ਤਿਆਰ ਕਰ ਦਿੱਤੇ ਗਏ ਹਨ।
ਹਾਲੇ ਤੱਕ ਨਹੀਂ ਕੱਟਿਆ ਗਿਆ ਕੋਈ ਚਾਲਾਨ
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੱਛਰ ਪੈਦਾ ਹੋਣ ਤੋਂ ਰੋਕਣ ਦੇ ਲਈ ਜਿੱਥੇ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਚੈਕਿੰਗ ਅਤੇ ਸਪਰੇਅ ਕਰਵਾਈ ਜਾ ਰਹੀ ਹੈ, ਉਥੇ ਨਗਰ ਕੌਂਸਲ ਵੱਲੋਂ ਵੀ ਉਨ੍ਹਾਂ ਇਲਾਕਿਆਂ 'ਚ ਫੋਗਿੰਗ ਕਰਵਾਈ ਜਾ ਰਹੀ ਹੈ, ਜਿੱਥੇ ਮੱਛਰ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਾਂ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਹੀਂ ਹੁੰਦਾ। ਹਾਲੇ ਤੱਕ ਸਿਹਤ ਵਿਭਾਗ ਵੱਲੋਂ ਲਾਰਵਾ ਮਿਲਣ ਸਬੰਧੀ ਕਿਸੇ ਦਾ ਚਾਲਾਨ ਕੱਟਣ ਦੀ ਸਿਫਾਰਿਸ਼ ਨਹੀਂ ਭੇਜੀ ਗਈ, ਜਿਸ ਕਾਰਣ ਕੋਈ ਚਾਲਾਨ ਨਹੀਂ ਕੱਟਿਆ ਗਿਆ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਜਿੱਥੇ ਲਾਰਵਾ ਮਿਲਦਾ ਹੈ, ਉਥੇ ਹੈਲਥ ਵਿਭਾਗ ਦੀ ਸਿਫਾਰਸ਼ ਅਨੁਸਾਰ ਤੁਰੰਤ ਫੋਗਿੰਗ ਕਰਵਾਈ ਜਾ ਰਹੀ ਹੈ। ਬਾਰਸ਼ ਦੀ ਰੁੱਤ ਨੂੰ ਧਿਆਨ 'ਚ ਰੱਖਦੇ ਹੋਏ ਵਰਖਾ ਦੇ ਪਾਣੀ ਦੀ ਨਿਯਮਿਤ ਨਿਕਾਸੀ ਯਕੀਨੀ ਬਣਾਉਣ ਲਈ ਵੱਖ-ਵੱਖ ਇਲਾਕਿਆਂ 'ਚ ਸੀਵਰੇਜ਼ ਦੀਆਂ ਬਰਸਾਤੀਆਂ ਸਾਫ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਕੰਮ ਪਿਛਲੇ 10 ਦਿਨ ਤੋਂ ਲਗਾਤਾਰ ਜਾਰੀ ਹੈ।
ਆਬਕਾਰੀ ਅਤੇ ਕਰ ਵਿਭਾਗ ਵੱਲੋਂ ਕਮਿਸ਼ਨਰ ਅਤੇ ਉੱਪ-ਕਮਿਸ਼ਨਰਾਂ ਦੇ ਤਬਾਦਲੇ
NEXT STORY