ਜਲੰਧਰ (ਸੁਨੀਲ)- 6 ਸਾਲ ਪਹਿਲਾਂ ਕਰਵਾਈ ਲਵ ਮੈਰਿਜ ਦਾ ਅਜਿਹਾ ਭਿਆਨਕ ਅੰਜਾਮ ਨਿਕਲਿਆ, ਜਿਸ ਬਾਰੇ ਸ਼ਾਇਦ ਦੋਹਾਂ ਦੇ ਪਰਿਵਾਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਜਾਣਕਾਰੀ ਮੁਤਾਬਕ ਥਾਣਾ ਮਕਸੂਦਾਂ ਅਧੀਨ ਆਉਂਦੇ ਨਿਊ ਹਰਗੋਬਿੰਦ ਨਗਰ ’ਚ ਪਤਨੀ ਦਾ ਕਤਲ ਕਰਕੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਹਰਿੰਦਰ ਯਾਦਵ ਪੁੱਤਰ ਰਾਜ ਕਿਸ਼ੋਰ ਯਾਦਵ ਅਤੇ ਉਸ ਦੀ ਪਤਨੀ ਪੂਜਾ ਦੋਵੇਂ ਵਾਸੀ ਨਿਊ ਹਰਗੋਬਿੰਦ ਨਗਰ ਵਜੋਂ ਹੋਈ ਹੈ। ਹਰਿੰਦਰ ਦੇ ਘਰ ਉਸ ਦੀ ਮਾਸੀ ਸੱਸ ਕਿਸੇ ਕੰਮ ਆਈ ਤਾਂ ਉਸ ਨੇ ਵੇਖਿਆ ਕਿ ਅੰਦਰੋ ਦਰਵਾਜ਼ਾ ਬੰਦ ਹੈ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਮੌਕੇ ’ਤੇ ਪੂਜਾ ਅਤੇ ਹਰਿੰਦਰ ਦੇ ਬਾਕੀ ਪਰਿਵਾਰਕ ਮੈਂਬਰ ਵੀ ਪਹੁੰਚ ਗਏ। ਉਨ੍ਹਾਂ ਨੇ ਜਦੋਂ ਰੋਸ਼ਨਦਾਨ ਰਾਹੀਂ ਅੰਦਰ ਵੇਖਿਆ ਤਾਂ ਸਾਰੇ ਸਹਿਮ ਗਏ। ਉਨ੍ਹਾਂ ਤੁਰੰਤ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਐੱਸ. ਐੱਚ. ਓ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਕੇਵਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੂਜਾ ਦੀ ਪਰਿਵਾਰਕ ਮੈਂਬਰ ਊਸ਼ਾ ਨੇ ਦੱਸਿਆ ਕਿ ਉਹ ਦੋਵਾਂ ਨਾਲ ਬੀਤੇ ਦਿਨੀਂ ਆਪਣੇ ਪਲਾਟ ਦੀ ਰਜਿਸਟਰੀ ਸਬੰਧੀ ਗੱਲਬਾਤ ਕਰਨ ਗਈ ਸੀ ਅਤੇ ਉਸ ਸਮੇਂ ਤੱਕ ਦੋਵਾਂ ’ਚ ਕੋਈ ਵੀ ਕੜਵਾਹਟ ਵਿਖਾਈ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਅਖ਼ੀਰ ਗਲ ਲਾ ਲਈ ਮੌਤ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ
ਉਹ ਜਦ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਆਈ ਤਾਂ ਪੂਜਾ ਦੀ ਲਾਸ਼ ਬੈੱਡ ’ਤੇ ਪਈ ਸੀ ਅਤੇ ਹਰਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਪੂਜਾ ਅਤੇ ਹਰਿੰਦਰ ਨੇ ਲਗਭਗ 6 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਮੌਕੇ ’ਤੇ ਪਹੁੰਚੇ ਦਿਹਾਤ ਦੇ ਐੱਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸ਼ੁਰੂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰਿੰਦਰ ਯਾਦਵ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਅਤੇ ਬਾਅਦ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕੇਵਲ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ ਅਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋੜੇ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਕਢਵਾਈ ਜਾਵੇਗੀ ਅਤੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਘਟਨ ਸਥਾਨ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪਤੀ-ਪਤਨੀ ਦੋਵੇਂ ਵੱਖ-ਵੱਖ ਫੈਕਟਰੀ ਵਿਚ ਕੰਮ ਕਰਦੇ ਸਨ
ਪੂਜਾ ਅਤੇ ਉਸ ਦਾ ਪਤੀ ਦੋਵੇਂ ਵੱਖ-ਵੱਖ ਫ਼ੈਕਟਰੀ ਵਿਚ ਕੰਮ ਕਰਦੇ ਸਨ। ਪੂਜਾ ਦੀ ਮਾਸੀ ਊਸ਼ਾ ਨੇ ਦੱਸਿਆ ਕਿ ਉਹ ਮੰਗਲਵਾਰ ਦੁਪਿਹਰ ਪੂਜਾ ਨੂੰ ਮਿਲਣ ਲਈ ਜਿਸ ਫੈਕਟਰੀ ਵਿਚ ਪੂਜਾ ਕੰਮ ਕਰਦੀ ਸੀ, ਉਥੇ ਗਈ ਸੀ। ਪੂਜਾ ਦਾ ਫੋਨ ਖ਼ਰਾਬ ਸੀ ਤਾਂ ਠੀਕ ਹੋਣ ਲਈ ਦਿੱਤਾ ਹੋਇਆ ਸੀ। ਫੈਕਟਰੀ ਤੋਂ ਪਤਾ ਲੱਗਾ ਕਿ ਪੂਜਾ ਸਵੇਰੇ ਤੋਂ ਹੀ ਕੰਮ 'ਤੇ ਨਹੀਂ ਆਈ। ਦੁਪਹਿਰ ਨੂੰ ਜਦੋਂ ਨਿਊ ਹਰਗੋਬਿੰਦ ਨਗਰ ਸਥਿਤ ਘਰ ਵਿਚ ਜਾ ਕੇ ਵੇਖਿਆ ਤਾਂ ਇਸ ਘਟਨਾ ਦਾ ਪਤਾ ਲੱਗਾ। ਪੂਜਾ ਅਤੇ ਹਰਿੰਦਰ ਦੇ ਪਰਿਵਾਰ ਵਾਲੇ ਹਰਿੰਦਰ ਵੱਲੋਂ ਚੁੱਕੇ ਗਏ ਕਦਮ ਬਾਰੇ ਸੋਚ ਕੇ ਹੈਰਾਨ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਜੀਠੀਆ ਨੇ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਖੋਲ੍ਹਿਆ ਮੋਰਚਾ, ਤਸਵੀਰ ਸਾਂਝੀ ਕਰ ਚੁੱਕੇ ਵੱਡੇ ਸਵਾਲ
NEXT STORY