ਫਿਲੌਰ (ਭਾਖੜੀ)-ਸਕੂਲ ’ਚ ਰੱਖੀ ਅਧਿਆਪਕ ਕੁੜੀ ਨੂੰ ਸਕੂਲ ਦੀ ਪ੍ਰਿੰਸੀਪਲ ਬਣਾਉਣ ਅਤੇ ਕੈਨੇਡਾ ’ਚ ਸੈਟਲ ਕਰਨ ਦੇ ਚੱਕਰ ’ਚ ਅਕੈਡਮੀ ਦਾ ਡਾਇਰੈਕਟਰ 4 ਸਾਲ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਅਧਿਆਪਕਾ ਆਪਣਾ ਮੂੰਹ ਨਾ ਖੋਲ੍ਹੇ, ਡਾਇਰੈਕਟਰ ਨੇ ਉਸ ਦੀਆਂ ਅਸ਼ਲੀਲ ਫਿਲਮਾਂ ਬਣਾ ਰੱਖੀਆਂ ਸਨ। ਪੀੜਤ ਅਧਿਆਪਕਾ ਦੀ ਸ਼ਿਕਾਇਤ ’ਤੇ ਪੁਲਸ ਨੇ ਗੁਰੂ ਨਾਨਕ ਅਕੈਡਮੀ (ਸਕੂਲ) ਪ੍ਰਤਾਪਪੁਰਾ ਦੇ ਐੱਮ. ਡੀ. ਤਰਸੇਮ ਸਿੰਘ ਦੇ ਵਿਰੁੱਧ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕੀਤਾ ਹੈ।
ਮੰਗਲਵਾਰ ਆਪਣੇ ਵਕੀਲ ਅਜੇ ਕੁਮਾਰ ਅਤੇ ਜਮਹੂਰੀ ਕਿਸਾਨ ਸਭਾ ਦੇ ਨੇਤਾਵਾਂ ਨਾਲ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਪੀੜਤ ਕੁੜੀ ਨੇ ਦੱਸਿਆ ਕਿ ਸਾਲ 2017 ’ਚ ਉਸ ਨੇ ਗੁਰੂ ਨਾਨਕ ਅਕੈਡਮੀ ਪ੍ਰਤਾਪਪੁਰਾ ਜੋ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਕਲਾਸ ਤੱਕ ਦਾ ਸਕੂਲ ਹੈ, ’ਚ ਨੌਕਰੀ ’ਤੇ ਲੱਗੀ ਸੀ। ਉਸ ਨੇ ਦੱਸਿਆ ਕਿ ਉਹ ਸਕੂਲ ’ਚ ਬਤੌਰ ਅਧਿਆਪਕਾ ਗਈ ਸੀ। ਉਸ ਨੂੰ ਕੁਝ ਹੀ ਦਿਨਾਂ ਵਿਚ ਟ੍ਰਾਂਸਪੋਰਟੇਸ਼ਨ ਦਾ ਇੰਚਾਰਜ ਬਣਾ ਦਿੱਤਾ ਗਿਆ। ਜਦੋਂ ਉਸ ਨੂੰ 5 ਮਹੀਨੇ ਕੰਮ ਕਰਦੇ ਹੋ ਗਏ ਤਾਂ ਇਕ ਦਿਨ ਅਕੈਡਮੀ ਦੇ ਐੱਮ. ਡੀ. ਤਰਸੇਮ ਸਿੰਘ (55) ਨੇ ਉਸ ਨੂੰ ਆਪਣੇ ਦਫ਼ਤਰ ਅੰਦਰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਉਹ ਉਸ ਦੇ ਕੰਮ ਤੋਂ ਬਹੁਤ ਖ਼ੁਸ਼ ਹੈ। ਜੇਕਰ ਉਹ ਉਸ ਨੂੰ ਵੀ ਖ਼ੁਸ਼ ਕਰ ਦੇਵੇ ਤਾਂ ਉਹ ਉਸ ਨੂੰ ਇਸੇ ਅਕੈਡਮੀ ਦਾ ਪ੍ਰਿੰਸੀਪਲ ਬਣਾ ਦੇਵੇਗਾ ਅਤੇ ਉਸ ਨੂੰ ਵਿਦੇਸ਼ ਕੈਨੇਡਾ ’ਚ ਵੀ ਸੈਟਲ ਕਰਵਾ ਦੇਵੇਗਾ।
ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਅਖ਼ੀਰ 'ਚ ਗੱਲ ਲਾ ਲਈ ਮੌਤ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ
ਪੀੜਤ ਕੁੜੀ ਨੇ ਦੱਸਿਆ ਕਿ ਉਸ ਤੋਂ ਕੁਝ ਦਿਨਾਂ ਬਾਅਦ ਹੀ ਐੱਮ. ਡੀ. ਤਰਸੇਮ ਸਿੰਘ ਨੇ ਉਸ ਨੂੰ ਅਕੈਡਮੀ ਦੇ ਅੰਦਰ ਇਕ ਕਮਰੇ ’ਚ ਬੁਲਾਇਆ, ਜਿੱਥੇ ਬੈੱਡ ਲੱਗਾ ਹੋਇਆ ਸੀ। ਉਸ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਉਸ ਨੂੰ ਜੋ ਸਕੂਲ ਦੀ ਪ੍ਰਿੰਸੀਪਲ ਬਣਾਉਣ ਦੀ ਆਫਰ ਦਿੱਤੀ ਸੀ, ਉਸ ’ਤੇ ਉਸ ਨੇ ਕੀ ਸੋਚਿਆ। ਅਜੇ ਪੀੜਤਾ ਕੋਈ ਜਵਾਬ ਦਿੰਦੀ, ਉਸ ਨੇ ਪਹਿਲਾਂ ਉਸ ਨੂੰ ਉੱਥੇ ਹੀ ਬੈੱਡ ’ਤੇ ਸੁੱਟ ਲਿਆ। ਕੁੜੀ ਦੇ ਵਿਰੋਧ ਕਰਨ ਦੇ ਬਾਵਜੂਦ ਉਸ ਨਾਲ ਜਬਰੀ ਸਰੀਰਕ ਸੰਬੰਧ ਬਣਾਏ। ਉਸ ਤੋਂ ਬਾਅਦ ਉਸ ਨੇ ਕੁੜੀ ਨੂੰ ਸਰੀਰਕ ਸੰਬੰਧ ਬਣਾਉਣ ਦੀ ਵੀਡੀਓ ਫਿਲਮ ਵਿਖਾਉਂਦੇ ਹੋਏ ਧਮਕਾਇਆ ਕਿ ਜੇਕਰ ਉਸ ਨੇ ਇਸ ਘਟਨਾ ਸਬੰਧੀ ਮੂੰਹ ਖੋਲ੍ਹਿਆ ਤਾਂ ਉਹ ਇਸ ਵੀਡੀਓ ਨੂੰ ਵਾਇਰਲ ਕਰਕੇ ਉਸ ਨੂੰ ਕਿਤੋਂ ਦਾ ਵੀ ਨਹੀਂ ਛੱਡੇਗਾ। ਆਪਣੀ ਬਦਨਾਮੀ ਦੇ ਡਰੋਂ ਉਹ ਚੁੱਪ ਰਹੀ। ਇਸ ਗੱਲ ਦਾ ਤਰਸੇਮ ਸਿੰਘ 4 ਸਾਲ ਤੱਕ ਫਾਇਦਾ ਉਠਾਉਂਦਾ ਰਿਹਾ। ਅਧਿਆਪਕਾ ਦੀ ਬਵਾਗਤ ਤੋਂ ਬਾਅਦ ਐੱਮ. ਡੀ. ਰਾਤੋ ਰਾਤ ਕੈਨੇਡਾ ਭੱਜ ਗਿਆ ਤਾਂ ਪੀੜਤ ਲੜਕੀ ਨੇ ਇਨਸਾਫ਼ ਲੈਣ ਲਈ ਉਸ ਦੇ ਸਕੂਲ ਦੇ ਬਾਹਰ 10 ਦਿਨ ਧਰਨੇ ’ਤੇ ਬੈਠੀ ਰਹੀ। ਬੀਤੇ ਦਿਨ ਪੀੜਤ ਕੁੜੀ ਨੇ ਡੀ. ਐੱਸ. ਪੀ. ਦੇ ਦਫ਼ਤਰ ਵਿਚ ਪੇਸ਼ ਹੋ ਕੇ ਉਸ ਖ਼ਿਲਾਫ਼ ਸ਼ਿਕਾਇਤ ਕੀਤੀ। ਡੀ. ਐੱਸ. ਪੀ. ਦੇ ਨਿਰਦੇਸ਼ਾਂ ’ਤੇ ਬਿਲਗਾ ਪੁਲਸ ਨੇ ਅਕੈਡਮੀ ਦੇ ਐੱਮ. ਡੀ. ਤਰਸੇਮ ਸਿੰਘ ਦੇ ਵਿਰੁੱਧ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਐੱਮ. ਡੀ. ਹਾਲ ਦੀ ਘੜੀ ਵਿਦੇਸ਼ ਵਿਚ ਹੈ, ਜਿਸ ਕਾਰਨ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੀੜਤਾ ਦੇ ਵਕੀਲ ਅਜੇ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਅੱਜ ਅਦਾਲਤ ’ਚ 164 ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
ਐੱਮ. ਡੀ. ਲੜਕੀ ਨੂੰ ਸਿੰਘਾਪੁਰ ਮਲੇਸ਼ੀਆ ਲਿਜਾ ਕੇ ਪਤਨੀ ਦੀ ਮੌਜੂਦਗੀ ’ਚ ਵੀ ਕਰਦਾ ਰਿਹੈ ਜਬਰ-ਜ਼ਿਨਾਹ
ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਉਹ ਕਈ ਦਿਨਾਂ ਤੱਕ ਉਸ ਨੂੰ ਬਲੈਕਮੇਲ ਕਰਕੇ ਹਵਸ ਮਿਟਾਉਂਦਾ ਰਿਹਾ ਤਾਂ ਇਕ ਦਿਨ ਉਸ ਨੇ ਕਿਹਾ ਕਿ ਉਹ ਨਾ ਤਾਂ ਉਸ ਨੂੰ ਸਕੂਲ ਦਾ ਪ੍ਰਿੰਸੀਪਲ ਬਣਾ ਰਿਹਾ ਹੈ ਅਤੇ ਨਾ ਹੀ ਕੈਨੇਡਾ ਸੈਟਲ ਕਰਵਾ ਰਿਹਾ ਹੈ ਤਾਂ ਤਰਸੇਮ ਸਿੰਘ ਨੇ ਉਸ ਨੂੰ ਕਿਹਾ ਕਿ ਕੈਨੇਡਾ ਜਾਨ ਲਈ ਇਕ-ਦੋ ਵੀਜ਼ੇ ਕਿਸੇ ਛੋਟੇ ਦੇਸ਼ ਦੇ ਹੋਣਾ ਜ਼ਰੂਰੀ ਹਨ, ਜਿਸ ’ਤੇ ਉਹ ਸਾਲ 2018 ਵਿਚ ਉਸ ਨੂੰ ਅਤੇ ਪਤਨੀ ਨੂੰ ਸਿੰਘਾਪੁਰ ਅਤੇ ਮਲੇਸ਼ੀਆ ਘੁੰਮਾਉਣ ਲੈ ਗਿਆ। ਉੱਥੇ ਉਹ ਆਪਣੀ ਪਤਨੀ ਨੂੰ ਦੂਜੇ ਕਮਰੇ ’ਚ ਛੱਡ ਕੇ ਜ਼ਿਆਦਾਤਰ ਉਸੇ ਦੇ ਕਮਰੇ ’ਚ ਰਹਿੰਦਾ ਅਤੇ ਉੱਥੇ ਵੀ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਉਸ ਨੇ ਦੱਸਿਆ ਕਿ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਹ ਆਮ ਕਰਕੇ ਉਸ ਨੂੰ ਅਡਕੈਮੀ ਦੇ ਕੰਮ ਸਬੰਧੀ ਬਹਾਨਾ ਬਣਾ ਕੇ ਆਪਣੇ ਘਰ ਬੁਲਾ ਲੈਂਦਾ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ, ਜਦੋਂਕਿ ਘਰ ’ਚ ਉਸ ਦੀ ਪਤਨੀ ਵੀ ਉੱਥੇ ਹੀ ਮੌਜੂਦ ਹੁੰਦੀ ਸੀ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਅਖ਼ੀਰ ਗਲ ਲਾਈ ਮੌਤ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY