ਚੰਡੀਗੜ੍ਹ (ਭੁੱਲਰ) - ਆੜ੍ਹਤੀਆ ਫੈਡਰੇਸ਼ਨ ਆਫ਼ ਪੰਜਾਬ ਦੇ ਪ੍ਰਤੀਨਿਧਾਂ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਪਿਛਲੇ ਸੀਜ਼ਨ ਦੇ ਖਰੀਦ ਏਜੰਸੀਆਂ ਤੇ ਸ਼ੈਲਰਾਂ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਦਾ ਮਾਮਲਾ ਚੁੱਕਣ ਤੋਂ ਇਲਾਵਾ ਹੋਰ ਕਈ ਅਹਿਮ ਮੰਗਾਂ ਰੱਖੀਆਂ। ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਦੇ 16 ਮੈਂਬਰੀ ਵਫ਼ਦ ਵਿਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਪ੍ਰਤੀਨਿਧ ਸ਼ਾਮਲ ਸਨ। ਬਕਾਏ ਦਾ ਮਾਮਲਾ ਚੁੱਕਦਿਆਂ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਸ਼ੈਲਰਾਂ ਵੱਲ ਪਿਛਲੇ ਸਮੇਂ ਦਾ 600 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਜਦਕਿ ਉਹ ਇਸ ਦੀ ਅਦਾਇਗੀ ਕਿਸਾਨਾਂ ਨੂੰ ਪਹਿਲਾਂ ਕਰਦੇ ਹਨ। ਇਸੇ ਤਰ੍ਹਾਂ ਖਰੀਦ ਦੇ ਸੀਜ਼ਨ ਦੌਰਾਨ ਸੰਕਟ ਸਮੇਂ ਬਾਰਦਾਨਾ ਖੁਦ ਮੁਹੱਈਆ ਕਰਵਾਏ ਜਾਣ ਬਦਲੇ ਸਰਕਾਰੀ ਖਰੀਦ ਏਜੰਸੀਆਂ ਵੱਲ ਖੜ੍ਹੇ ਕਰੋੜਾਂ ਰੁਪਏ ਦੀ ਅਦਾਇਗੀ ਨਾ ਹੋਣ ਦਾ ਮਾਮਲਾ ਚੁਕਣ ਤੋਂ ਇਲਾਵਾ ਪਿਛਲੇ ਦੋ ਸੀਜ਼ਨਾਂ ਦੇ ਐੱਫ. ਸੀ. ਆਈ. ਵੱਲ ਲੋਡਿੰਗ ਤੇ ਲੇਬਰ ਦੇ ਖੜ੍ਹੇ ਬਕਾਏ ਦਾ ਮਾਮਲਾ ਵੀ ਵਿਚਾਰਿਆ ਗਿਆ। ਮੁੱਖ ਮੰਤਰੀ ਨੇ ਇਨ੍ਹਾਂ ਮਾਮਲਿਆਂ ਵਿਚ ਛੇਤੀ ਹੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਆੜ੍ਹਤੀ ਫੈਡਰੇਸ਼ਨ ਦੇ ਪ੍ਰਧਾਨ ਕਾਲੜਾ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਪੇਮੈਂਟ ਦਾ ਮਾਮਲਾ ਉਠਾਉਣ ਅਤੇ ਹਾਈਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤੇ ਜਾਣ 'ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਆੜ੍ਹਤੀਆਂ ਰਾਹੀਂ ਹੀ ਅਦਾਇਗੀ ਦਾ ਸਿਸਟਮ ਜਾਰੀ ਰਹੇਗਾ ਪਰ ਜੇ ਕਿਸਾਨ ਚਾਹੁਣ ਤਾਂ ਆਪਣੀ ਮਰਜ਼ੀ ਨਾਲ ਖਰੀਦ ਏਜੰਸੀ ਤੋਂ ਸਿੱਧੀ ਪੇਮੈਂਟ ਲੈ ਸਕਦੇ ਹਨ ਪਰ ਇਸ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ।
ਆੜ੍ਹਤੀਆਂ ਵਲੋਂ ਮੀਟਿੰਗ ਵਿਚ ਇਕ ਹੋਰ ਅਹਿਮ ਮੁੱਦਾ ਉਠਾਉਂਦਿਆਂ ਪਿਛਲੇ ਸੀਜ਼ਨ 'ਚ ਵਿਜੀਲੈਂਸ ਬਿਊਰੋ ਦੇ ਦਖਲ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਮੰਡੀਆਂ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ। ਇਸ 'ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਆੜ੍ਹਤੀਆਂ ਵਲੋਂ ਫਸਲ ਦੀ ਖਰੀਦ ਸਬੰਧੀ ਸ਼ੁਰੂ ਕੀਤੇ ਜਾ ਰਹੇ ਨਵੇਂ ਈ-ਨੈਮ ਸਿਸਟਮ ਦਾ ਵੀ ਵਿਰੋਧ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਜ਼ਿਆਦਾ ਲਾਭ ਹੋਣ ਦੀ ਥਾਂ ਖਰੀਦ ਦੇ ਕੰਮ ਵਿਚ ਪ੍ਰੇਸ਼ਾਨੀਆਂ ਤੇ ਦੇਰੀ ਹੀ ਵਧੇਗੀ। ਓਪਨ ਬੋਲੀ ਸਿਸਟਮ ਨੂੰ ਹੀ ਚਾਲੂ ਰੱਖਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਝੋਨੇ ਦੀ ਖਰੀਦ 10 ਜੂਨ ਦੀ ਥਾਂ 25 ਜੂਨ ਤੋਂ ਕੀਤੇ ਜਾਣ, ਕਈ ਕਿਸਾਨਾਂ ਦੀਆਂ ਕੁਦਰਤੀ ਮੌਤਾਂ ਨੂੰ ਆਤਮ-ਹੱਤਿਆਵਾਂ ਦੱਸ ਕੇ ਆੜ੍ਹਤੀਆਂ ਖਿਲਾਫ਼ ਦਰਜ ਕੀਤੇ ਜਾਂਦੇ ਕੇਸ ਬੰਦ ਕਰਵਾਉਣ ਅਤੇ ਮੰਡੀਆਂ ਵਿਚ ਆੜ੍ਹਤੀ ਫੈਡਰੇਸ਼ਨ ਨੂੰ ਆਪਣੇ ਦਫ਼ਤਰ ਬਣਾਉਣ ਲਈ ਪਲਾਟ ਦੇਣ ਦੀ ਮੰਗ ਵੀ ਕੀਤੀ ਗਈ। ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਸ਼ਾਮਲ ਆੜ੍ਹਤੀ ਐਸੋਸੀਏਸ਼ਨ ਦੇ ਰਾਜਭਰ 'ਚੋਂ ਆਏ 16 ਮੈਂਬਰੀ ਵਫ਼ਦ ਵਿਚ ਪ੍ਰਧਾਨ ਕਾਲੜਾ ਤੋਂ ਇਲਾਵਾ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ, ਦੇਵੀ ਦਿਆਲ ਗੋਇਲ, ਸਾਧੂ ਰਾਮ ਭੱਟਮਾਜਰਾ, ਰਾਜੇਸ਼ ਜੈਨ, ਗੁਰਵਿੰਦਰ ਰਟੌਲ, ਸੁਖਵਿੰਦਰ ਸੁੱਖੀ ਤੋਂ ਇਲਾਵਾ ਰਾਜਕੁਮਾਰ ਭੱਲਾ, ਹਰਦੀਪ ਲਾਢਾ, ਮਨਵੀਰ ਰੰਧਾਵਾ, ਜਗਤਾਰ ਧੂਰੀ, ਕਪਿਲ ਸ਼ਾਹਕੋਟ ਤੇ ਨੱਥਾ ਸਿੰਘ ਮੁਕਤਸਰ ਸਾਮਲ ਸਨ।
ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਤੇ ਸੀਨੀਅਰ ਭਾਜਪਾ ਨੇਤਾ ਦਾ ਕਰੀਬੀ ਨਿਤਿਨ ਧਵਨ ਗ੍ਰਿਫਤਾਰ
NEXT STORY