ਹੁਸ਼ਿਆਰਪੁਰ, (ਘੁੰਮਣ)- ਮਿੱਠੀ-ਮਿੱਠੀ ਖੁਸ਼ਬੂ ਤੇ ਸੋਹਣੀ ਰੰਗਤ ਵਾਲੇ ਸੜਕ ਕੰਢੇ ਲੱਗੇ ਪ੍ਰਵਾਸੀ ਮਜ਼ਦੂਰਾਂ ਦੇ ਵੇਲਣੇ ਦੇ ਬਣੇ ਗੁੜ ਦਾ ਸਵਾਦ ਜੇਕਰ ਤੁਸੀਂ ਚੱਖ ਲਿਆ ਹੈ ਤਾਂ ਸਮਝੋ ਤੁਸੀਂ ਜ਼ਹਿਰ ਦਾ ਸਵਾਦ ਚੱਖ ਚੁੱਕੇ ਹੋ। ਹੁਸ਼ਿਆਰਪੁਰ ਦੇ ਸਿਹਤ ਵਿਭਾਗ ਦੇ ਅਫਸਰ ਇਨ੍ਹਾਂ ਵੇਲਣਿਆਂ (ਮਿੰਨੀ ਫੈਕਟਰੀਆਂ) 'ਤੇ ਕੀਤੀ ਛਾਪੇਮਾਰੀ ਦੌਰਾਨ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਵੇਖਿਆ ਕਿ ਉਥੇ ਗੁੜ ਬਣਾਉਣ ਲਈ ਨਾ ਸਿਰਫ ਜ਼ਹਿਰੀਲੀ ਬੂਟੀ, ਜ਼ਹਿਰੀਲੇ ਰੰਗ ਤੇ ਰਿੰਡੀ ਦਾ ਤੇਲ ਵਰਤਿਆ ਜਾ ਰਿਹਾ ਸੀ, ਸਗੋਂ ਕੱਪੜਿਆਂ ਦੀ ਰੰਗਾਈ ਵਿਚ ਵਰਤਿਆ ਜਾਂਦਾ ਜ਼ਹਿਰੀਲਾ ਰੰਗ-ਕਾਟ ਵੀ ਗੁੜ ਦੀ ਦਿੱਖ ਨੂੰ ਸੰਵਾਰਨ ਲਈ ਵਰਤਿਆ ਜਾ ਰਿਹਾ ਸੀ।
ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਕਿਹਾ ਕਿ ਹਰ ਸਾਲ ਇਹ ਲੋਕ ਇਨ੍ਹਾਂ ਦਿਨਾਂ 'ਚ ਸੜਕਾਂ ਕੰਢੇ ਵੇਲਣੇ ਰੂਪੀ 'ਮਿੰਨੀ ਫੈਕਟਰੀਆਂ' ਲਾਉਂਦੇ ਹਨ ਅਤੇ ਇਲਾਕੇ ਵਿਚੋਂ ਗੰਨਾ ਨਾ ਮਿਲਣ (ਸੀਜ਼ਨ ਖਤਮ ਹੋਣ) 'ਤੇ ਸਾਰਾ ਸਾਮਾਨ ਚੁੱਕ ਲੈ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਜੇ ਗੰਨੇ ਵਿਚ ਮਿਠਾਸ ਬਹੁਤ ਘੱਟ ਹੈ, ਇਸ ਕਰ ਕੇ ਇਹ ਮਿਠਾਸ ਵਧਾਉਣ ਲਈ ਖੰਡ ਦੀ ਵਰਤੋਂ ਕਰਦੇ ਹਨ। ਇਲਾਕੇ 'ਚ ਲਗਭਗ 30 ਵੇਲਣੇ ਪ੍ਰਵਾਸੀ ਮਜ਼ਦੂਰਾਂ ਦੇ ਹਨ। ਇਹ ਸਾਰੇ ਯੂ. ਪੀ. ਤੇ ਬਿਹਾਰ ਦੇ ਵਸਨੀਕ ਹਨ। ਇਨ੍ਹਾਂ ਨੂੰ ਪੰਜਾਬ ਦੇ ਵਪਾਰੀ ਹੀ ਪੈਸਾ ਦਿੰਦੇ ਹਨ ਜੋ ਇਨ੍ਹਾਂ ਕੋਲੋਂ ਗੁੜ ਤੇ ਸ਼ੱਕਰ ਬਣਵਾ ਕੇ ਆਪਣੇ ਬ੍ਰਾਂਡ 'ਤੇ ਵੇਚ ਰਹੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਭਰ ਕੇ ਚੰਡੀਗੜ੍ਹ ਸਥਿਤ ਲੈਬਾਰਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ 'ਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਸਿਵਲ ਸਰਜਨ ਡਾ. ਰੇਣੂ ਸੂਦ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਤਾ ਲੱਗਿਆ ਹੈ ਕਿ ਹਫਤਾ ਪਹਿਲਾਂ ਹੀ ਇਹ ਵੇਲਣੇ ਚਾਲੂ ਹੋਏ ਹਨ ਤੇ ਇਨ੍ਹਾਂ ਵਿਅਕਤੀਆਂ ਵੱਲੋਂ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕੀਤੀ ਜਾ ਰਹੀ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਖਾਣ ਨਾਲ ਕੈਂਸਰ ਤੇ ਪੇਟ ਦੀਆਂ ਹੋਰ ਬੀਮਾਰੀਆਂ ਹੁੰਦੀਆਂ ਹਨ। ਉਨ੍ਹਾਂ ਵੇਲਣਿਆਂ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਨਾ ਬਾਜ਼ ਆਏ ਤਾਂ ਆਉਣ ਵਾਲੇ ਦਿਨਾਂ 'ਚ ਪੁਲਸ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਹੁਕਮ ਨਾਲ ਮੁਰਝਾਏ ਪਟਾਕਾ ਡੀਲਰਾਂ ਦੇ ਚਿਹਰੇ
NEXT STORY