ਤਰਨਤਾਰਨ, (ਰਮਨ)- ਜ਼ਿਲੇ 'ਚ 4 ਮਲੇਰੀਏ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਆਪਣੀ ਕਮਰ ਕੱਸ ਲਈ ਹੈ ਅਤੇ ਇਸ ਸਬੰਧੀ ਸ਼ੱਕੀ ਲੋਕਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਖੂਨ ਦੇ ਨਮੂਨੇ ਲੈਣ ਦੇ ਨਾਲ-ਨਾਲ ਪਾਣੀ 'ਚ ਪੈਦਾ ਹੋਣ ਵਾਲੇ ਲਾਰਵੇ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਮੱਛਰਾਂ ਨੇ ਆਪਣਾ ਡੰਗ ਤੇਜ਼ ਕਰ ਲਿਆ ਹੈ, ਜਿਸ ਤੋਂ ਬਚਣ ਲਈ ਅੱਜ-ਕਲ ਬਾਜ਼ਾਰਾਂ 'ਚ ਵਿਕਣ ਵਾਲੀਆਂ ਕਈ ਤਰ੍ਹਾਂ ਦੀਆਂ ਮੱਛਰ ਭਜਾਊ ਕਰੀਮਾਂ ਆਦਿ ਵੀ ਬੇਅਸਰ ਸਾਬਤ ਹੋ ਰਹੀਆਂ ਹਨ। ਸੀ. ਐੱਚ. ਸੀ. ਸਰਹਾਲੀ ਕਲਾਂ ਵਿਖੇ ਪਿਛਲੇ ਦੋ ਦਿਨਾਂ 'ਚ ਬੁਖਾਰ ਸਬੰਧੀ ਇਲਾਜ ਲਈ ਆਏ 4 ਮਰੀਜ਼ਾਂ ਨੂੰ ਮਲੇਰੀਆ ਦਾ ਡੰਗ ਵੱਜ ਚੁੱਕਾ ਹੈ, ਜਿਸ ਸਬੰਧੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਪ੍ਰੈਲ ਮਹੀਨੇ ਵਿਚ ਮੱਛਰਾਂ ਦੀ ਭਰਮਾਰ ਜ਼ਿਆਦਾ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।
ਲਾਰਵੇ ਨੂੰ ਖਤਮ ਕਰਨ ਲਈ ਲਾਭਦਾਇਕ ਹੈ ਗੰਬੂਜ਼ੀਆ ਮੱਛੀ
ਸਿਹਤ ਵਿਭਾਗ ਵੱਲੋਂ ਸਥਾਨਕ ਹਸਪਤਾਲ ਵਿਚ ਲਾਰਵੇ ਨੂੰ ਖਾਣ ਵਾਲੀ ਗੰਬੂਜ਼ੀਆ ਨਾਮਕ ਮੱਛੀ ਲਈ ਤਾਲਾਬ ਬਣਾਇਆ ਗਿਆ ਹੈ। ਇਸ ਵੇਲੇ ਇਸ ਮੱਛੀ ਦੀ ਪੈਦਾਵਾਰ ਕਾਫੀ ਜਿਆਦਾ ਹੈ। ਇਹ ਮੱਛੀ ਛੱਪੜਾਂ ਵਿਚ ਛੱਡੀ ਜਾਂਦੀ ਹੈ, ਜਿਸ ਦੌਰਾਨ ਇਹ ਲਾਰਵੇ ਨੂੰ ਖਾ ਕੇ ਖਤਮ ਕਰ ਦਿੰਦੀ ਹੈ। ਜਿਸ ਤੋਂ ਬਾਅਦ ਨਾ ਤਾਂ ਡੇਂਗੂ ਅਤੇ ਨਾ ਹੀ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈ।
ਪਿਛਲੇ ਸਾਲ ਕਿੰਨੇ ਕੇਸ ਆਏ ਸਨ ਪਾਜ਼ੇਟਿਵ
ਸਾਲ 2017 ਵਿਚ ਜ਼ਿਲੇ ਭਰ ਵਿਚ 76 ਮਰੀਜ਼ ਡੇਂਗੂ ਅਤੇ 15 ਮਰੀਜ਼ ਮਲੇਰੀਏ ਦੇ ਸਾਹਮਣੇ ਆਏ ਸਨ। ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਮੁਫਤ ਇਲਾਜ ਕੀਤਾ ਗਿਆ।
ਹੋਟਲ 'ਚ ਲੜਕੀ ਨਾਲ ਬੈਠੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
NEXT STORY