ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਪਿੰਡ ਭਾਗਸਰ ਦੇ ਮੇਨ ਜਲਘਰ ਦਾ ਮਾਮਲਾ ਹੋਰ ਭੱਖ ਗਿਆ ਹੈ ਅਤੇ ਪਿਛਲੇ 12 ਦਿਨਾਂ ਤੋਂ ਬੰਦ ਪਏ ਜਲਘਰ ਕਾਰਨ ਟੂਟੀਆਂ ਵਿਚ ਪਾਣੀ ਨਾ ਆਉਣ ਕਰ ਕੇ ਪਿੰਡ ਵਾਸੀ ਬੇਹੱਦ ਤੰਗ-ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਇੱਥੇ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਪੀਣ ਯੋਗ ਨਹੀਂ ਹੈ ਅਤੇ ਕਿਸੇ ਵਰਤੋਂ ਵਿਚ ਨਾ ਆਉਣ ਕਰ ਕੇ ਪਿੰਡ ਵਾਸੀ ਜਲਘਰ ਦੇ ਪਾਣੀ ’ਤੇ ਹੀ ਨਿਰਭਰ ਹਨ।
ਜ਼ਿਕਰਯੋਗ ਹੈ ਕਿ ਠੇਕੇਦਾਰ ਵੱਲੋਂ ਘਟੀਆ ਕੁਆਲਟੀ ਦੀ ਰੱਖੀ ਗਈ ਮੋਟਰ ਤੀਜੀ ਵਾਰ ਸਡ਼ ਗਈ ਹੈ ਪਰ ਨਵੀਂ ਮੋਟਰ ਰੱਖਣ ਤੋਂ ਸਬੰਧਤ ਠੇਕੇਦਾਰ ਕੰਨੀਂ ਕਤਰਾਅ ਰਿਹਾ ਹੈ। ਬੀਤੀ ਰਾਤ ਠੇਕੇਦਾਰ ਦੇ ਆਦਮੀ ਕਬਾਡ਼ੀਏ ਤੋਂ ਖਰੀਦ ਕੇ ਇਕ ਪੁਰਾਣੀ ਮੋਟਰ ਜਲਘਰ ਦੇ ਕਮਰੇ ਵਿਚ ਰੱਖ ਕੇ ਚਲੇ ਗਏ ਅਤੇ ਉਸ ਨੂੰ ਚਾਲੂ ਨਹੀਂ ਕਰ ਕੇ ਗਏ, ਜਦਕਿ ਇਸ ਸਮੇਂ ਇਹ ਪੁਰਾਣੀ ਮੋਟਰ ਵੇਖ ਕੇ ਪਿੰਡ ਵਾਸੀਅਾਂ ਦਾ ਗੁੱਸਾ ਹੋਰ ਵੀ ਵੱਧ ਗਿਆ ਅਤੇ ਦਿਨ ਚਡ਼੍ਹਦੇ ਹੀ ਵੱਡੀ ਗਿਣਤੀ ’ਚ ਲੋਕ ਜਲਘਰ ਅੰਦਰ ਇਕੱਠੇ ਹੋ ਗਏ ਅਤੇ ਠੇਕੇਦਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਇਕਾਈ ਪ੍ਰਧਾਨ ਹਰਫੂਲ ਸਿੰਘ, ਸਮਾਜ ਸੇਵਕ ਗੁਰਜੰਟ ਸਿੰਘ ਬਰਾਡ਼, ਡਾ. ਦਰਸ਼ਨ ਸਿੰਘ, ਸਾਬਕਾ ਮੈਂਬਰ ਗੁਰਮੀਤ ਸਿੰਘ ਬਰਾਡ਼, ਬਲਦੇਵ ਸਿੰਘ, ਗਰੀਬ ਦਾਸ, ਬਲਵਿੰਦਰ ਸਿੰਘ, ਸਾਬਕਾ ਮੈਂਬਰ ਜੁਗਿੰਦਰ ਸਿੰਘ, ਹਰਿੰਦਰ ਸਿੰਘ, ਸਤਨਾਮ ਸਿੰਘ, ਜਗਦੇਵ ਸਿੰਘ ਢਿੱਲੋਂ, ਸੁਖਮੰਦਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ ਅਤੇ ਲਾਲੀ ਗੁੰਬਰ ਆਦਿ ਨੇ ਕਿਹਾ ਕਿ ਪਿੰਡ ਵਾਲਿਆਂ ਦੀ ਤਾਂ ਇਹੋ ਹੀ ਮੰਗ ਹੈ ਕਿ ਠੇਕੇਦਾਰ ਇਸ ਜਲਘਰ ਨੂੰ ਚਲਾਉਣ ਲਈ ਨਵੀਂ ਮੋਟਰ ਖਰੀਦ ਕੇ ਰੱਖੇ ਅਤੇ ਸਾਨੂੰ ਪੁਰਾਣੀ ਮੋਟਰ ਮਨਜ਼ੂਰ ਨਹੀਂ ਹੈ ਕਿਉਂਕਿ ਇਹ ਵੀ ਥੋੜ੍ਹੀ ਦੇਰ ਚੱਕ ਕੇ ਫਿਰ ਸਡ਼ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਦੇ ਬੰਦੇ ਪੁਰਾਣੀ ਮੋਟਰ ਨੂੰ ਉੱਥੇ ਬਿਨਾਂ ਤਾਰਾਂ ਜੋਡ਼ੇ ਹੀ ਰੱਖ ਕੇ ਚਲੇ ਗਏ ਅਤੇ ਸਹੀ ਢੰਗ ਨਾਲ ਫਿੱਟ ਵੀ ਨਹੀਂ ਕੀਤੀ।
ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ
ਪਿੰਡ ਵਾਲਿਆਂ ’ਚ ਕਾਂਗਰਸੀ ਆਗੂਅਾਂ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਖਿਲਾਫ਼ ਵੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਨਾ ਤਾਂ ਕਿਸੇ ਸੀਨੀਅਰ ਕਾਂਗਰਸੀ ਆਗੂ, ਨਾ ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਨੇ ਆ ਕੇ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਦੋ ਦਿਨਾਂ ਵਿਚ ਬੰਦ ਪਏ ਜਲਘਰ ਨੂੰ ਚਾਲੂ ਨਾ ਕੀਤਾ ਗਿਆ ਤਾਂ ਵੱਡੀ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਅੌਰਤਾਂ ਕਰਨਗੀਆਂ ਖਾਲੀ ਘਡ਼ਿਅਾਂ ਨਾਲ ਡੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ
ਉੱਧਰ, ਦੂਜੇ ਪਾਸੇ ਜਲਘਰ ਤੋਂ ਟੂਟੀਆਂ ਰਾਹੀਂ ਸਾਰੇ ਪਿੰਡ ’ਚ ਸਪਲਾਈ ਹੁੰਦਾ ਪਾਣੀ ਨਾ ਮਿਲਣ ਕਰ ਕੇ ਪ੍ਰੇਸ਼ਾਨ ਅੌਰਤਾਂ ਨੇ ਵੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਖਾਲੀ ਘਡ਼ਿਅਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੀਆਂ। ਅੌਰਤਾਂ ਦਾ ਦੋਸ਼ ਹੈ ਕਿ ਕੋਈ ਗੱਲ ਹੀ ਨਹੀਂ ਸੁਣ ਰਿਹਾ ਅਤੇ ਸਭ ਆਪੋ-ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਢਿੱਲੀ ਹੈ ਸਬੰਧਤ ਮਹਿਕਮੇ ਦੀ ਕਾਰਗੁਜ਼ਾਰੀ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਢਿੱਲੀ ਹੈ ਅਤੇ ਮਹਿਕਮਾ ਕੱਖ ਨਹੀਂ ਕਰ ਰਿਹਾ। ਬੱਸ ਇਨ੍ਹਾਂ ਹੀ ਕਹਿ ਰਿਹਾ ਹੈ ਕਿ ਠੇਕੇਦਾਰ ਨੂੰ ਕਹਿੰਦੇ ਹਾਂ ਪਰ ਠੇਕੇਦਾਰ ਉਨ੍ਹਾਂ ਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ, ਜੇਕਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਤਾਂ ਇਕ ਘੰਟੇ ਵਿਚ ਨਵੀਂ ਮੋਟਰ ਰੱਖ ਕੇ ਜਲਘਰ ਤੋਂ ਪਿਛਲੇ 12 ਦਿਨਾਂ ਤੋਂ ਬੰਦ ਪਈ ਪਾਣੀ ਸਪਲਾਈ ਚਾਲੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਆਧੁਨਿਕ ਸਹੂਲਤਾਂ ਵਾਲਾ ਉਕਤ ਜਲਘਰ ਬਣਾਉਣ ਲਈ ਸਰਕਾਰ ਨੇ ਕਰੀਬ 5 ਕਰੋਡ਼ ਰੁਪਏ ਖਰਚ ਕੀਤੇ ਸਨ ਪਰ ਇੰਨਾ ਪੈਸਾ ਖਰਚ ਕੇ ਵੀ ਭਾਗਸਰ ਵਾਸੀਅਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ।
ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ
NEXT STORY