ਬਠਿੰਡਾ, (ਸੁਖਵਿੰਦਰ)- ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਜਾ ਰਹੇ ਥਰਮਲ ਮੁਲਾਜ਼ਮਾਂ ਦੇ ਸਾਹਮਣੇ ਪੁਲਸ ਨੇ ਮਹਿਲਾ ਪੁਲਸ ਮੁਲਾਜ਼ਮਾਂ ਦੀ ਦੀਵਾਰ ਖੜ੍ਹੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਮੁਲਾਜ਼ਮਾਂ ਨੂੰ ਵਿੱਤ ਮੰਤਰੀ ਦੇ ਸਮਾਗਮ ਤੋਂ ਦੂਰ ਰੱਖਣ ਲਈ ਪੁਲਸ ਨੇ ਐਤਵਾਰ ਨੂੰ ਉਕਤ ਨੀਤੀ ਅਪਣਾਈ ਅਤੇ ਪ੍ਰਦਰਸ਼ਨਕਾਰੀਆਂ ਵਿਚ ਮਹਿਲਾਵਾਂ ਨਾ ਹੋਣ ਦੇ ਬਾਵਜੂਦ ਪੁਲਸ ਨੂੰ ਪਹਿਲੀ ਕਤਾਰ 'ਚ ਰੱਖਿਆ ਗਿਆ। ਸਬਜ਼ੀ ਮੰਡੀ ਵਿਚ ਆਯੋਜਿਤ ਉਕਤ ਸਮਾਰੋਹ ਦੇ ਨੇੜੇ ਰੋਕੇ ਜਾਣ 'ਤੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜਦ ਤੱਕ ਉਨ੍ਹਾਂ ਦੇ ਭਵਿੱਖ 'ਤੇ ਲਟਕੀ ਤਲਵਾਰ ਨਹੀਂ ਹਟਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਗੌਰਤਲਬ ਹੈ ਕਿ ਥਰਮਲ ਮੁਲਾਜ਼ਮਾਂ ਨੇ ਪਿਛਲੇ 35 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮੋਰਚਾ ਲਾਇਆ ਹੋਇਆ ਹੈ ਜੋ ਦਿਨ-ਰਾਤ ਚੱਲ ਰਿਹਾ ਹੈ। ਇਸ ਵਿਚ ਮੁਲਾਜ਼ਮਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੇ ਵੀ ਵੱਡੀ ਸੰਖਿਆ 'ਚ ਮੌਜੂਦ ਹਨ।
ਵਿੱਤ ਮੰਤਰੀ ਦੇ ਬਿਆਨ ਗੁੰਮਰਾਹ ਕਰਨ ਵਾਲੇ : ਮੋਰਚਾ ਆਗੂ
ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਦੇ ਇਲਾਵਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਪੁਨੂੰ ਆਦਿ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਾ ਕੱਢਣ ਸਬੰਧੀ ਬਿਆਨ ਦਿੱਤੇ ਜਾ ਰਹੇ ਹਨ, ਜੋ ਗੁੰਮਰਾਹ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿੱਤ ਮੰਤਰੀ ਦੇ ਬਿਆਨਾਂ ਵਿਚ ਸੱਚਾਈ ਹੈ ਤਾਂ ਉਹ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਵਿਭਾਗ ਵਿਚ ਐਡਜਸਟ ਕਰਨ। ਉਨ੍ਹਾਂ ਕਿਹਾ ਕਿ ਉਹ ਖਾਲੀ ਬੈਠ ਕੇ ਤਨਖਾਹ ਨਹੀਂ ਮੰਗ ਰਹੇ ਬਲਕਿ ਰੋਜ਼ਗਾਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਜਾਣਬੁਝ ਕੇ ਮਸਲੇ ਨੂੰ ਲਟਕਾ ਰਹੀ ਹੈ ਤਾਂ ਜੋ ਮੁਲਾਜ਼ਮਾਂ ਦੇ ਹੌਸਲੇ ਨੂੰ ਤੋੜ ਕੇ ਮੋਰਚਾ ਸਮਾਪਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਆਖਰੀ ਸਾਹ ਤੱਕ ਉਹ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ।
ਸਵਾਰੀਆਂ ਢੋਣ ਦੀ ਆੜ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲਾ ਅੜਿੱਕੇ
NEXT STORY