ਚਮਿਆਰੀ (ਸੰਧੂ) : ਰਾਵੀ 'ਚ ਆਏ ਭਿਆਨਕ ਹੜ੍ਹ ਨੇ ਪਹਿਲਾਂ ਨਾਲੋਂ ਵੀ ਹੋਰ ਵਿਕਰਾਲ ਰੂਪ ਧਾਰਨ ਕਰਦਿਆਂ ਬਹੁਤ ਸਾਰੀਆਂ ਨਵੀਆਂ ਥਾਵਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਪਲ-ਪਲ ਵੱਧ ਰਹੇ ਪਾਣੀ ਦੇ ਪੱਧਰ ਨੇ ਸਰਹੱਦੀ ਕਸਬਾ ਗੱਗੋਮਾਹਲ ਤੋਂ ਇਤਿਹਾਸਿਕ ਕਸਬਾ ਰਮਦਾਸ ਭਾਵ ਧੁੱਸੀ ਬੰਨ੍ਹ ਨੇੜਲੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਆਪਣਾ ਰੁਖ ਅਜਨਾਲਾ-ਫਤਹਿਗੜ੍ਹ ਚੂੜੀਆਂ ਮੁੱਖ ਮਾਰਗ ਤੇ ਸਥਿਤ ਕਸਬਾ ਚਮਿਆਰੀ ਦੇ ਲਹਿੰਦੇ ਪਾਸੇ ਵੱਲ ਨੂੰ ਕਰ ਲਿਆ ਹੈ।

ਇੱਥੋਂ ਨੇੜਲੇ ਪਿੰਡ ਹਰੜ ਕਲਾਂ ਤੇ ਹਰੜ ਖੁਰਦ ਬੁਰੀ ਤਰ੍ਹਾਂ ਨਾਲ ਪਾਣੀ ਦੀ ਲਪੇਟ ਵਿੱਚ ਆ ਗਏ ਹਨ ਜਦ ਕਿ ਕਸਬਾ ਚਮਿਆਰੀ ਦੇ ਲਹਿੰਦੇ ਪਾਸੇ ਵਾਲੇ ਖੇਤਾਂ ਵਿੱਚ ਬਹੁਤ ਤੇਜ਼ੀ ਨਾਲ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਇਸ ਪਾਸੇ ਡੇਰਿਆਂ ਤੇ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਆਪਣੇ ਪਰਿਵਾਰਾਂ ਤੇ ਪਸ਼ੂਆਂ ਸਮੇਤ ਉੱਚੇ ਪਾਸੇ ਵੱਲ ਨੂੰ ਜਾ ਰਹੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕਸਬਾ ਚਮਿਆਰੀ ਦੇ ਫੋਕਲ ਪੁਆਇੰਟ ਨੇੜਿਓ ਪਿੰਡ ਹਰੜ ਕਲਾਂ ਤੇ ਖਰੜ ਖੁਰਦ ਰਾਹੀਂ ਲੰਘ ਕੇ ਪਿੰਡ ਗੁਜ਼ਰਪੁਰੇ ਨੇੜੇਓ ਵੱਡੇ ਹਾਈਵੇਅ ਨੂੰ ਜੋੜਦੀ ਨਵੀਂ ਬਣੀ ਲਿੰਕ ਸੜਕ, ਜੋ ਕਿ ਡਿਫੈਂਸ ਵੱਲੋਂ ਬਹੁਤ ਉੱਚੀ ਤੇ ਮਜ਼ਬੂਤ ਬਣਾਈ ਗਈ ਹੈ, ਦੇ ਕਾਰਨ ਲੱਗੀ ਪਾਣੀ ਦੀ ਡੱਕ ਨਾਲ ਜਿੱਥੇ ਚਮਿਆਰੀ ਤੋਂ ਗੱਗੋਮਾਹਲ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ''ਬਾਵਾ ਕਿਲ੍ਹਾ'' ਵਾਲੇ ਦਰਜਨਾਂ ਡੇਰਿਆਂ ਦੇ ਨਾਲ -ਨਾਲ ਹਜ਼ਾਰਾਂ ਏਕੜ ਫ਼ਸਲ ਵਿਚ ਕਰੀਬ ਸੱਤ-ਸੱਤ ਫੁੱਟ ਪਾਣੀ ਭਰ ਗਿਆ ਹੈ ਉਥੇ ਹੀ ਇਸ ਡੱਕ ਕਾਰਨ ਹੀ ਪਿੰਡ ਹਰੜ ਕਲਾਂ ਤੇ ਹਰੜ ਖੁਰਦ ਚੁਫ਼ੇਰਿਓਂ ਪਾਣੀ ਵਿੱਚ ਘਿਰ ਗਏ ਹਨ।

ਬੇਸ਼ੱਕ ਇਸ ਲਿੰਕ ਰੋਡ ਵਿੱਚ ਬਣੀਆਂ ਪੁਲੀਆਂ ਪਾਣੀ ਨੂੰ ਬਹੁਤ ਤੇਜ਼ੀ ਨਾਲ ਕਸਬਾ ਚਮਿਆਰੀ ਵੱਲ ਅੱਗੇ ਨੂੰ ਖਿੱਚ ਰਹੀਆਂ ਪਰ ਫਿਰ ਵੀ ਪਾਣੀ ਵਿੱਚ ਘਿਰੇ ਲੋਕਾਂ ਨੂੰ ਇਤਰਾਜ਼ ਹੈ ਕਿ ਇਸ ਨਵੀਂ ਲਿੰਕ ਰੋਡ ਵਿੱਚ ਪੁਲੀਆਂ ਦੀ ਚੌੜਾਈ ਤੇ ਗਿਣਤੀ ਘੱਟ ਰੱਖਣ ਕਾਰਨ ਉਨ੍ਹਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਉਥੇ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਖੇਤਰ ਦੇ ਸੱਕੀ ਨਾਲੇ ਦੀ ਕਦੇ ਵੀ ਖਿਲਾਈ ਨਾ ਹੋਣ ਕਾਰਨ ਵੀ ਪਾਣੀ ਸਹੀ ਗਤੀ ਨਾਲ ਅੱਗੇ ਨਹੀਂ ਵੱਧ ਰਿਹਾ,ਜਿਸ ਕਾਰਨ ਵੀ ਇਲਾਕੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਦੂਜੇ ਪਾਸੇ ਇਸ ਖੇਤਰ ਵਿੱਚ ਫੌਜ ਵੱਲੋਂ ਵੀ ਆਪਣੀ ਦਸਤਕ ਦਿੰਦਿਆਂ ਹਲਾਤਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਦਾਣਾ ਮੰਡੀ ਚਮਿਆਰੀ ਵਿਖੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਪਸ਼ੂਆਂ ਦੇ ਸ਼ੈਲਟਰ ਵਿਚ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਚਾਰਾ ਵੰਡਣ ਤੋਂ ਇਲਾਵਾ ਸਥਾਨਕ ਲੋਕਾਂ ਵੱਲੋਂ ਲੰਗਰ ਵੀ ਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੁੱਜੀ ਸੋਨੀਆ ਮਾਨ, ਲੋਕਾਂ ਨੂੰ ਕੀਤੀ ਅਪੀਲ (ਵੀਡੀਓ)
NEXT STORY