ਡਕਾਲਾ, (ਨਰਿੰਦਰ)- ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇਡ਼੍ਹਾ ਵਿਖੇ ਸਥਿਤ ਸਕਾਟਿਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਦਾਅਵੇਦਾਰੀ ਨੂੰ ਲੈ ਕੇ ਦੋ-ਫਾਡ਼ ਹੋਈ ਮੈਨੇਜਮੈਂਟ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਮੁਡ਼ ਤੋਂ ਭਖ ਪਿਆ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਗੁੱਥਮ-ਗੁੱਥਾ ਹੋਣ ਦੇ ਗੰਭੀਰ ਦੋਸ਼ ਲਾਏ ਹਨ। ਸਕੂਲ ਮੈਨੇਜਮੈਂਟ ਦਾਅਵੇਦਾਰੀ ਦਾ ਇਹ ਮਾਮਲਾ ਅੱਜ ਮੁਡ਼ ਤੋਂ ਪੁਲਸ ਚੌਕੀ ਪੁੱਜ ਗਿਆ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਹਮਲਾ ਕਰਨ ਦੀ ਲਿਖਤੀ ਸ਼ਿਕਾਇਤ ਪੁਲਸ ਚੌਕੀ ਬਲਬੇਡ਼੍ਹਾ ਨੂੰ ਦਿੱਤਾ ਹੈ। ਸਕੂਲ ਮੈਨਜਮੈਂਟ ਦੇ ਪ੍ਰੈਜ਼ੀਡੈਂਟ ਅਨੀਕੇਤ ਗਰਗ ਤੇ ਸੈਕਟਰੀ ਅਕਸ਼ੇ ਗਰਗ ਨੇ ਦੋਸ਼ ਲਾਇਆ ਕਿ ਅੱਜ ਦੁਪਹਿਰ ਸਮੇਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਰਹੇ ਜਤਿੰਦਰ ਕਾਂਸਲ ਨੇ ਆਪਣੇ ਕੁੱਝ ਹੋਰਨਾਂ ਸਾਥੀਆਂ ਨਾਲ ਮਿਲ ਕੇ ਸਕੂਲ ਦਫਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਭਰਾਵਾਂ ਤੇ ਉਨ੍ਹਾਂ ਦੀ ਮਾਤਾ ਵੀਨੂੰ ਗਰਗ ਤੇ ਪਿਤਾ ਭਗਵਾਨ ਦਾਸ ਨਾਲ ਕੁੱਟ-ਮਾਰ ਵੀ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਸਕੂਲ ਦਫਤਰ ਤੇ ਧੱਕੇਸ਼ਾਹੀ ਨਾਲ ਕਬਜ਼ਾ ਲੈਣਾ ਚਾਹੁੰਦਾ ਹੈ। ਉਸ ਕੋਲ ਜੇਕਰ ਕੋਈ ਵੀ ਕਾਨੂੰਨੀ ਦਸਤਾਵੇਜ਼ ਹੈ ਤੇ ਉਹ ਉਸ ਨੂੰ ਪੇਸ਼ ਕਰੇ। ਉਨ੍ਹਾਂ ਪੁਲਸ ਤੋਂ ਇਸ ਮਾਮਲੇ ’ਚ ਦਖਲ ਦੇਣ ਤੇ ਗੰਭੀਰਤਾ ਨਾਲ ਲੈਣ ਦੀ ਗੁਆਰ ਲਾਈ ਹੈ। ਇਸ ਮਾਮਲੇ ਬਾਰੇ ਜਦੋਂ ਸਕਾਟਿਸ ਸਕੂਲ ਮੈਨਜਮੈਂਟ ਦੇ ਚੇਅਰਮੈਨ ਜਤਿੰਦਰ ਕਾਂਸਲ ਨਾਲ ਪੱਖ ਜਾਣਨ ਲਈ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਆਪਣੇ ’ਤੇ ਲਾਏ ਹਮਲਾ ਕਰਨ ਤੇ ਧੱਕੇਸ਼ਾਹੀ ਨਾਲ ਸਕੂਲ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ। ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਤੇ ਬੇਬੁਨਿਆਦ ਦੱਸਿਆ ਹੈ। ਜਤਿੰਦਰ ਕਾਂਸਲ ਦਾ ਕਹਿਣਾ ਹੈ ਕਿ ਉਹ, ਉਸ ਦੀ ਪਤਨੀ ਨਿਸ਼ਾ ਕਾਂਸਲ ਤੇ ਮੈਨਜਮੈਂਟ ਦੇੇ ਹੋਰ ਮੈਂਬਰ ਸਕੂਲ ’ਚ ਮਾਪਿਆਂ ਦੇ ਫੋਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਇਸ ਦੌਰਾਨ ਉਸ ਦੀ ਪਤਨੀ ਨਿਸ਼ਾ ਕਾਂਸਲ ਜਦੋਂ ਸਕੂਲ ਦੇ ਦਫਤਰ ’ਚ ਗਈ ਤਾਂ ਸਕੂਲ ’ਚ ਮੌਜੂਦ ਉਸ ਦੀ ਵਿਰੋਧੀ ਧਿਰ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੇ ਤੇ ਹੋਰ ਸਾਥੀਆਂ ਨੇ ਉਸ ਦੀ ਕੁੱਟ-ਮਾਰ ਹੋਣ ਤੋਂ ਬਚਾਅ ਕੀਤਾ। ਜਤਿੰਦਰ ਕਾਂਸਲ ਦਾ ਕਹਿਣਾ ਹੈ ਕਿ ਉਹ ਸਕੂਲ ਮੈਨੇਜਮੈਂਟ ਦਾ ਚੇਅਰਮੈਨ ਹੈ। ਉਸ ਨੇ ਨਿਯਮਾਂ ਅਨੁਸਾਰ ਮੈਨੇਜਮੈਂਟ ਦੇ ਮੈਂਬਰ ਤਬਦੀਲ ਕਰ ਕੇ ਕੁਝ ਨਵੀਂ ਨਿਯੁਕਤੀਅਾਂ ਕੀਤੀਅਾਂ ਹਨ। ਉਹ ਜਦੋਂ ਵੀ ਸਕੂਲ ਦਾ ਕੰਮ ਦੇਖਣ ਲਈ ਆਉਂਦੇ ਹਨ ਤਾਂ ਉਨ੍ਹਾਂ ’ਤੇ ਹਰ ਵਾਰ ਹਮਲਾ ਕਰਨ ਦੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੋਵੇਂ ਧਿਰਾਂ ਦੀ ਸ਼ਿਕਾਇਤ ਬਲਬੇਡ਼੍ਹਾ ਪੁਲਸ ਚੌਕੀ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਪੁਲਸ ਚੌਂਕੀ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੇ ਜ਼ਮੀਨ ਤੇ ਹੋਰ ਸਹੀ ਦਸਤਾਵੇਜ਼ ਪੇਸ਼ ਕਰਨ। ਏ. ਐੱਸ. ਆਈ. ਦਾ ਕਹਿਣਾ ਹੈ ਕਿ ਸਕੂਲ ਮੈਨੇਜਮੈਂਟ ਵਿਵਾਦ ਦੀ ਜਾਂਚ ਉੱਚ ਪੁਲਸ ਅਧਿਕਾਰੀ ਕੋਲ ਵੀ ਗਈ ਹੋਈ ਹੈ। ਇਸ ਮਾਮਲੇ ’ਚ ਪੁਲਸ ਜਾਂਚ ਕਰ ਕੇ ਮਾਮਲੇ ਦਾ ਹੱਲ ਕੀਤਾ ਜਾਵੇਗਾ।
ਖੇਤੀਬਾਡ਼ੀ ਵਿਭਾਗ ਨੇ ਬੀਜ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੀਆਂ 3 ਦੁਕਾਨਾਂ ਦੀ ਕੀਤੀ ਚੈਕਿੰਗ
NEXT STORY