ਪਟਿਆਲਾ, (ਬਲਜਿੰਦਰ)- ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਸਕੱਤਰ ਸੇਖੋਂ ਵੱਲੋਂ ਸਖਤੀ ਕਰਨ ਤੋਂ ਬਾਅਦ ਵਾਟਰ ਸਪਲਾਈ ਤੇ ਸੀਵਰੇਜ ਬ੍ਰਾਂਚ ਕਾਫੀ ਜ਼ਿਆਦਾ ਐਕਟਿਵ ਹੋ ਗਈ ਹੈ। ਬ੍ਰਾਂਚ ਵੱਲੋਂ ਛੁੱਟੀ ਵਾਲੇ ਦਿਨਾਂ ਵਿਚ ਵੀ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਖਿਲਾਫ ਕਾਰਵਾਈ ਕੀਤੀ ਗਈ। ਵਾਟਰ ਸਪਲਾਈ ਤੇ ਸੀਵਰੇਜ ਬ੍ਰਾਂਚ ਦੇ ਇੰਸਪੈਕਟਰ ਜਸਦੀਪ ਸਿੰਘ ਅਤੇ ਰਜਿੰਦਰ ਸਿੰਘ ਤੋਂ ਇਲਾਵਾ ਮੀਟਰ ਰੀਡਰ ਸਲੇਸ਼ਵਰ ਕੁਮਾਰ, ਗੋਲਡੀ ਕਲਿਆਣ, ਹਰਵਿੰਦਰ ਸਿੰਘ ਬੇਦੀ ਅਤੇ ਹਰੀਸ਼ ਸਿਆਲ ਦੀ ਟੀਮ ਨੇ ਪਿਛਲੇ ਦੋ ਦਿਨਾਂ ਦੌਰਾਨ ਕੁੱਲ 11 ਕੁਨੈਕਸ਼ਨ ਕੱਟੇ, ਜਿਨ੍ਹਾਂ ਵਿਚ 6 ਰਿਹਾਇਸ਼ੀ ਅਤੇ ਪੰਜ ਕੁਨੈਕਸ਼ਨ ਕਮਰਸ਼ੀਅਲ ਹਨ। ਟੀਮ ਨੇ ਪਿਛਲੇ 2 ਦਿਨਾਂ ਵਿਚ 4 ਲੱਖ 15 ਹਜ਼ਾਰ ਰੁਪਏ ਦੀ ਕੁਲੈਕਸ਼ਨ ਵੀ ਕੀਤੀ। ਟੀਮ ਵੱਲੋਂ ਲੰਘੇ ਦੋ ਦਿਨਾਂ ਵਿਚ ਧਰਮਪੁਰਾ ਬਾਜ਼ਾਰ, ਰਾਘੋਮਾਜਰਾ, ਚਾਂਦਨੀ ਚੌਕ, ਮਥੁਰਾ ਕਾਲੋਨੀ, ਸ਼ੀਸ਼ ਮਹਿਲ ਕਾਲੋਨੀ, ਸਨੌਰੀ ਅੱਡਾ ਵਿਖੇ ਕਾਰਵਾਈ ਕੀਤੀ ਗਈ।
ਦੂਜੇ ਪਾਸੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ 16 ਅਕਤੂਬਰ ਤੱਕ ਵਿਆਜ ਦੀ ਆਈ ਮੁਆਫੀ ਦਾ ਲਾਭ ਉਠਾਉਂਦੇ ਹੋਏ ਪੁਰਾਣੀਆਂ ਅਦਾਇਗੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਰੱਖਿਆ ਜਾ ਸਕੇ। ਇਥੇ ਦੱਸਣਯੋਗ ਹੈ ਕਿ ਨਿਗਮ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਡਿਫਾਲਟਰਾਂ ਦੇ ਖਿਲਾਫ ਕਾਫੀ ਜ਼ਿਆਦਾ ਸਖਤੀ ਵਰਤੀ ਗਈ, ਜਿਸ ਵਿਚ ਜਿਹੜੇ ਅਧਿਕਾਰੀ ਆਪਣਾ ਟਾਰਗੈੱਟ ਪੂਰਾ ਨਹੀਂ ਕਰਨਗੇ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਦਾ ਐਲਾਨ ਵੀ ਕੀਤਾ ਗਿਆ।
ਨਸ਼ੇ ਵਾਲੀਆਂ ਗੋਲੀਆਂ ਸਣੇ ਮੋਟਰਸਾਈਕਲ ਸਵਾਰ ਦਬੋਚੇ
NEXT STORY