ਚੰਡੀਗੜ੍ਹ (ਸੁਸ਼ੀਲ) : ਬੁੜੈਲ ’ਚ ਝਗੜੇ ਤੋਂ ਬਾਅਦ ਪਤਨੀ ਨੇ ਕੁੱਟ-ਕੁੱਟ ਕੇ ਪਤੀ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਲਾਸ਼ ਨੂੰ ਰਜਾਈ ’ਚ ਲਪੇਟ ਕੇ ਕਮਰੇ ਨੂੰ ਤਾਲਾ ਲਾ ਕੇ ਪਤਨੀ ਫਰਾਰ ਹੋ ਗਈ। ਕ੍ਰਾਈਮ ਬਰਾਂਚ ਦੀ ਟੀਮ ਨੇ ਫਰਾਰ ਰੂਬੀ ਨੂੰ ਕਾਨਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਆਪਣੀ ਬੇਟੀ ਨਾਲ ਬਿਹਾਰ ਜਾ ਰਹੀ ਸੀ। ਜੀ. ਆਰ. ਪੀ. ਤੇ ਆਰ. ਪੀ. ਐੱਫ. ਦੀ ਵੀ ਮਦਦ ਲਈ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਮਰੇ ਦਾ ਦਰਵਾਜ਼ਾ ਤੋੜ ਕੇ ਰਜਾਈ ਵਿਚ ਬੰਨ੍ਹੇ ਵਿਅਕਤੀ ਨੂੰ ਬਾਹਰ ਕੱਢਿਆ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਪੁਲਸ ਜ਼ਖ਼ਮੀ ਨੂੰ ਜੀ. ਐੱਮ. ਸੀ. ਐੱਚ.-32 ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸਦੀ ਪਛਾਣ ਬੁੜੈਲ ਨਿਵਾਸੀ ਅਸ਼ੀਸ਼ ਵਜੋਂ ਹੋਈ। ਰਵਿੰਦਰ ਨੇ ਅਸ਼ੀਸ਼ ਦੀ ਹੱਤਿਆ ਦਾ ਸ਼ੱਕ ਉਸਦੀ ਪਤਨੀ ’ਤੇ ਜਤਾਇਆ ਹੈ। ਇਸ ਤੋਂ ਬਾਅਦ ਸੈਕਟਰ-34 ਥਾਣਾ ਪੁਲਸ ਨੇ ਰਵਿੰਦਰ ਦੀ ਸ਼ਿਕਾਇਤ ’ਤੇ ਪਤਨੀ ਰੂਬੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਨਵੀਂ ਵਾਰਡਬੰਦੀ ਮੁਤਾਬਕ ਚੰਡੀਗੜ੍ਹ ’ਚ ਤਿਆਰ ਹੋ ਰਹੇ ਵਾਰਡਾਂ ਦੇ ਨਕਸ਼ੇ, ਜਲਦ ਹੀ ਨੋਟੀਫਿਕੇਸ਼ਨ ਹੋਣ ਦੀ ਸੰਭਾਵਨਾ
ਮਕਾਨ ਮਾਲਕ ਨੇ ਦਿੱਤੀ ਸੀ ਪੁਲਸ ਨੂੰ ਸੂਚਨਾ
ਮੋਹਾਲੀ ਦੇ ਸੈਕਟਰ-78 ਨਿਵਾਸੀ ਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮਕਾਨ ਬਣਾਉਣ ਦੀ ਠੇਕੇਦਾਰੀ ਦਾ ਕੰਮ ਕਰਦਾ ਹੈ। ਉਸ ਨੇ ਲੇਬਰ ਲਈ ਬੁੜੈਲ ਵਿਚ ਕਮਰੇ ਬਣਾਏ ਹੋਏ ਹਨ। ਕੁਝ ਦਿਨ ਪਹਿਲਾਂ ਕਮਰਾ ਕਿਰਾਏ ’ਤੇ ਲੈਣ ਲਈ ਉਨ੍ਹਾਂ ਕੋਲ ਅਸ਼ੀਸ਼, ਉਸ ਦੀ ਪਤਨੀ ਰੂਬੀ ਅਤੇ ਇਕ ਲੜਕੀ ਸੁਲੇਖਾ ਆਈ ਸੀ। ਰਵਿੰਦਰ ਨੇ ਉਨ੍ਹਾਂ ਨੂੰ ਬੁੜੈਲ ਦੇ ਮਕਾਨ ਵਿਚ ਰੂਮ ਨੰਬਰ-11 ਦੇ ਦਿੱਤਾ। ਮਕਾਨ ਮਾਲਕ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ ਤੋਂ ਲੜਾਈ ਹੁੰਦੀ ਸੀ। 9 ਜੂਨ ਨੂੰ ਵੀ ਦੋਵਾਂ ਵਿਚਕਾਰ ਲੜਾਈ ਹੋਈ। ਪੁਲਸ ਵੀ ਉਨ੍ਹਾਂ ਦੇ ਘਰ ਪਹੁੰਚੀ ਪਰ ਬਾਅਦ ਵਿਚ ਦੋਵਾਂ ਨੇ ਬੁੜੈਲ ਪੁਲਸ ਚੌਕੀ ਵਿਚ ਸਮਝੌਤਾ ਕਰ ਲਿਆ। ਘਰ ਆਉਣ ਤੋਂ ਬਾਅਦ ਦੋਵਾਂ ਦੀ ਫਿਰ ਲੜਾਈ ਸ਼ੁਰੂ ਹੋ ਗਈ। ਰਵਿੰਦਰ ਨੇ ਦੱਸਿਆ ਕਿ 10 ਜੂਨ ਦੀ ਸ਼ਾਮ ਨੂੰ ਜਦੋਂ ਉਹ ਉਨ੍ਹਾਂ ਦੇ ਕਮਰੇ ਵਿਚ ਜਾਣ ਲੱਗੇ, ਤਾਂ ਦੇਖਿਆ ਕਿ ਬਾਹਰੋਂ ਤਾਲਾ ਲੱਗਿਆ ਹੋਇਆ ਹੈ। ਉਥੇ ਹੀ ਅੰਦਰ ਲਾਈਟ ਜਗ ਰਹੀ ਸੀ ਅਤੇ ਪੱਖਾ ਵੀ ਚੱਲ ਰਿਹਾ ਸੀ। ਉਨ੍ਹਾਂ ਨੂੰ ਪਹਿਲਾਂ ਲੱਗਿਆ ਕਿ ਇਹ ਲੋਕ ਕਿਤੇ ਬਾਹਰ ਚਲੇ ਗਏ ਹੋਣਗੇ ਪਰ ਜਦੋਂ ਦਰਵਾਜ਼ੇ ਵਿਚ ਬਣੇ ਛੇਕ ਰਾਹੀਂ ਅੰਦਰ ਵੇਖਿਆ, ਤਾਂ ਕੋਈ ਰਜਾਈ ਵਿਚ ਲਿਪਟਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੁੜੈਲ ਚੌਕੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਰਵਿੰਦਰ ਦੀ ਹਾਜ਼ਰੀ ਵਿਚ ਪੁਲਸ ਨੇ ਦਰਵਾਜ਼ਾ ਤੋੜਿਆ। ਉਨ੍ਹਾਂ ਨੇ ਵੇਖਿਆ ਕਿ ਰਜਾਈ ਵਿਚ ਰੂਬੀ ਦਾ ਪਤੀ ਅਸ਼ੀਸ਼ ਜ਼ਖਮੀ ਹਾਲਤ ਵਿਚ ਸੀ। ਉਸ ਦੇ ਮੂੰਹ ਵਿਚੋਂ ਖੂਨ ਵੀ ਨਿਕਲ ਰਿਹਾ ਸੀ। ਪੁਲਸ ਨੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਸ਼ੇ ’ਚ ਕੁੱਟਦਾ ਸੀ, ਇਸ ਲਈ ਹੱਤਿਆ ਕਰ ਦਿੱਤੀ
ਮੁੱਢਲੀ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਕਿ ਉਹ ਇਕ ਸਾਲ ਤੋਂ ਚੰਡੀਗੜ੍ਹ ਵਿਚ ਇਕੱਠਿਆਂ ਰਹਿ ਰਹੇ ਸਨ। ਅਸ਼ੀਸ਼ ਸ਼ਰਾਬ ਪੀਣ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿਚ ਉਹ ਆਪਣੀ ਪਤਨੀ ਅਤੇ ਬੇਟੀ ਨੂੰ ਕੁੱਟਦਾ ਸੀ। ਉਹ ਇਸਦਾ ਸਾਹਮਣਾ ਨਹੀਂ ਕਰ ਸਕੀ ਅਤੇ ਉਸ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਹੁਣ ਸੈਲਾਨੀਆਂ ਨੂੰ ਨਹੀਂ ਕਰਨੀ ਪਵੇਗੀ ਸਿਰ-ਖਪਾਈ : ਪੰਜਾਬ ਟੂਰਿਜ਼ਮ ’ਚ ਆਨਲਾਈਨ ਹੋਣਗੀਆਂ ਸਹੂਲਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਫ਼ਾਈ ਮੁਲਾਜ਼ਮ ਨੂੰ ਜਾਨਵਰਾਂ ਵਾਂਗ ਖਿੱਚ ਕੇ ਲੈ ਗਈ ਪੁਲਸ, ਰੌਂਗਟੇ ਖੜ੍ਹੇ ਕਰ ਦੇਵੇਗੀ ਥਰਡ ਡਿਗਰੀ ਤਸ਼ੱਦਦ ਦੀ ਕਹਾਣੀ
NEXT STORY