ਲੁਧਿਆਣਾ, (ਤਰੁਣ)- ਬਾਲ ਸਿੰਘ ਨਗਰ ਇਲਾਕੇ ਵਿਚ ਇਕ ਨੌਸਰਬਾਜ਼ ਨੇ ਬਜ਼ੁਰਗ ਜੋੜੇ ਨੂੰ 10.35 ਲੱਖ ਦਾ ਚੂਨਾ ਲਾਇਆ ਅਤੇ ਫਰਾਰ ਹੋ ਗਿਆ।
ਨੌਸਰਬਾਜ਼ ਨੇ ਯੋਜਨਾਬੱਧ ਤਰੀਕੇ ਨਾਲ ਜਾਣ-ਪਛਾਣ ਵਧਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਸਟੇਟਮੈਂਟ ਦੇਖ ਕੇ ਜੋੜੇ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਚੌਕੀ ਸੁੰਦਰ ਨਗਰ ਦੀ ਪੁਲਸ ਨੇ ਜੋੜੇ ਸੰਸਾਰ ਸਿੰਘ ਅਤੇ ਗੁਰਬਖਸ਼ ਕੌਰ ਦੇ ਬਿਆਨ 'ਤੇ ਨੌਸਰਬਾਜ਼ ਪ੍ਰਿੰਸ ਕੁਮਾਰ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਪੀੜਤ ਗੁਰਬਖਸ਼ ਕੌਰ ਨੇ ਦੱਸਿਆ ਕਿ ਉਸ ਦਾ ਇਕ ਬੇਟਾ ਅਤੇ ਤਿੰਨ ਬੇਟੀਆਂ ਹਨ। ਸਾਰੇ ਇੰਗਲੈਂਡ ਵਿਚ ਰਹਿੰਦੇ ਹਨ। ਉਹ ਆਪਣੇ ਪਤੀ ਸੰਸਾਰ ਸਿੰਘ ਨਾਲ ਬਾਲ ਸਿੰਘ ਨਗਰ ਵਿਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਦੋਸ਼ੀ ਪ੍ਰਿੰਸ ਉਸ ਦੇ ਘਰ ਦੇ ਸਾਹਮਣੇ ਕਿਰਾਏ 'ਤੇ ਰਹਿਣ ਲਈ ਆਇਆ। ਗੁਆਂਢੀ ਹੋਣ ਕਾਰਨ ਉਨ੍ਹਾਂ ਦੀ ਪ੍ਰਿੰਸ ਨਾਲ ਜਾਣ-ਪਛਾਣ ਵਧ ਗਈ, ਜੋ ਕਿ ਉਨ੍ਹਾਂ ਦੇ ਘਰ ਆਉਣ-ਜਾਣ ਲੱਗਾ। ਉਹ ਆਮ ਕਰ ਕੇ ਉਨ੍ਹਾਂ ਦੇ ਕੰਮ ਕਰਿਆ ਕਰਦਾ ਸੀ।
ਜੂਨ ਮਹੀਨੇ ਵਿਚ ਪ੍ਰਿੰਸ ਨੇ ਮਜਬੂਰੀ ਦੱਸਦੇ ਹੋਏ ਉਨ੍ਹਾਂ ਤੋਂ 50 ਹਜ਼ਾਰ ਦੀ ਨਕਦੀ ਮੰਗੀ। ਉਨ੍ਹਾਂ ਨੇ ਨਕਦੀ ਦੇਣ ਦੀ ਹਾਮੀ ਭਰ ਦਿੱਤੀ। ਉਸ ਦਾ ਪਤੀ ਸੰਸਾਰ ਸਿੰਘ ਬੈਂਕ ਗਿਆ ਅਤੇ ਪ੍ਰਿੰਸ ਨੂੰ 50 ਹਜ਼ਾਰ ਕਢਵਾ ਕੇ ਦੇ ਦਿੱਤੇ। ਇਸ ਦੌਰਾਨ ਦੋਸ਼ੀ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੇ ਅਕਾਊਂਟ ਵਿਚ ਲੱਖਾਂ ਰੁਪਏ ਪਏ ਹਨ। ਦੋਸ਼ੀ ਨੇ ਉਨ੍ਹਾਂ ਨੂੰ ਨੋਟਬੰਦੀ ਤੋਂ ਬਾਅਦ ਸਰਕਾਰ ਦੀ ਸਖ਼ਤੀ ਦਾ ਹਵਾਲਾ ਦੇ ਕੇ ਉਨ੍ਹਾਂ ਤੋਂ ਬੈਂਕ ਵਿਚ ਇੰਨੀ ਨਕਦੀ ਨਾ ਰੱਖਣ ਦੀ ਸਲਾਹ ਦਿੱਤੀ। ਉਹ ਵੀ ਪ੍ਰਿੰਸ ਨੂੰ ਆਪਣਾ ਹਿਤੈਸ਼ੀ ਸਮਝਣ ਲੱਗੇ, ਜਿਸ ਤੋਂ ਬਾਅਦ ਪ੍ਰਿੰਸ ਨੇ ਪੈਨ ਕਾਰਡ ਬਣਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਬੈਂਕ ਸਲਿੱਪ 'ਤੇ ਦਸਤਖਤ ਕਰਵਾ ਲਏ ਅਤੇ ਲੱਖਾਂ ਰੁਪਏ ਦੀ ਨਕਦੀ ਕਢਵਾ ਲਈ। ਬੈਂਕ ਸਟੇਟਮੈਂਟ ਦੇਖਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਨੂੰ ਜਾਣਕਾਰੀ ਸੀ ਕਿ ਉਕਤ ਜੋੜੇ ਦੇ ਖਾਤੇ ਵਿਚ ਕਾਫੀ ਬੈਲੇਂਸ ਹੈ, ਜਿਸ ਤੋਂ ਬਾਅਦ ਪ੍ਰਿੰਸ ਨੇ ਜੋੜੇ ਨੂੰ ਝਾਂਸੇ ਵਿਚ ਲੈ ਕੇ ਲੱਖਾਂ ਦੀ ਨਕਦੀ ਕਢਵਾ ਲਈ। ਬੈਂਕ ਕਰਮਚਾਰੀ ਦੀ ਸ਼ਮੂਲੀਅਤ ਹੈ ਜਾਂ ਨਹੀਂ, ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਦੋਸ਼ੀ ਨੌਸਰਬਾਜ਼ ਪ੍ਰਿੰਸ ਹਾਲ ਦੀ ਘੜੀ ਫਰਾਰ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਟਰੇਨਾਂ 'ਚ ਯਾਤਰੀਆਂ ਨੂੰ ਖਾਣਾ ਪਰੋਸਣਗੀਆਂ ਵਿਦੇਸ਼ੀ ਕੰਪਨੀਆਂ
NEXT STORY