ਲੁਧਿਆਣਾ(ਰਿਸ਼ੀ)-15 ਸਾਲਾ ਲੜਕੇ ਨੇ ਸ਼ਨੀਵਾਰ ਰਾਤ ਨੂੰ ਟਰਾਂਸਪੋਰਟ ਨਗਰ ਤੋਂ ਇਕ ਟਰੱਕ ਚੋਰੀ ਕੀਤਾ ਅਤੇ ਜਦ ਉਹ ਟਰੱਕ ਲੈ ਕੇ ਫਰਾਰ ਹੋ ਰਿਹਾ ਸੀ ਤਾਂ ਕੁਝ ਕਦਮਾਂ ਦੀ ਦੂਰੀ 'ਤੇ ਟਰਾਂਸਪੋਰਟ ਨਗਰ ਕੱਟ ਦੇ ਕੋਲ ਸਾਈਕਲ 'ਤੇ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਨੇ ਮੌਕੇ 'ਤੇ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਦੋਸ਼ੀ ਖਿਲਾਫ ਟਰੱਕ ਮਾਲਕ ਦੀ ਸ਼ਿਕਾਇਤ 'ਤੇ ਚੋਰੀ ਅਤੇ ਮ੍ਰਿਤਕ ਦੇ ਪੁੱਤਰ ਦੇ ਬਿਆਨ 'ਤੇ ਸੜਕ ਦੁਰਘਟਨਾ 'ਚ ਮਾਰਨ ਦੇ ਦੋਸ਼ 'ਚ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਵਿਕਾਸ ਕੁਮਾਰ ਨਿਵਾਸੀ ਮੇਹਰਬਾਨ ਚੁੰਗੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਪਹਿਲਾਂ ਕੇਸ ਮਾਲਕ ਮੁਕੇਸ਼ ਕੁਮਾਰ ਨਿਵਾਸੀ ਹਰਿਆਣਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਲਗਭਗ 8 ਵਜੇ ਸਾਹਨੇਵਾਲ ਤੋਂ ਆਟੋ ਪਾਰਟਸ ਲੋਡ ਕਰ ਕੇ ਆਪਣਾ ਟਰੱਕ ਟਰਾਂਸਪੋਰਟ 'ਚ ਖੜ੍ਹਾ ਕਰ ਕੇ ਕਿਤੇ ਚਲਾ ਗਿਆ ਸੀ। ਰਾਤ 9 ਵਜੇ ਵਾਪਸ ਆ ਕੇ ਦੇਖਿਆ ਤਾਂ ਟਰੱਕ ਗਾਇਬ ਸੀ, ਜਿਸ ਦੇ ਬਾਅਦ ਪੁਲਸ ਨੂੰ ਟਰੱਕ ਚੋਰੀ ਬਾਰੇ ਸੂਚਨਾ ਦਿੱਤੀ। ਦੂਜੇ ਮਾਮਲੇ 'ਚ ਪੁਲਸ ਨੂੰ ਅਤੁਲ ਮਲਹੋਤਰਾ ਨਿਵਾਸੀ ਪ੍ਰਭਾਤ ਨਗਰ ਨੇ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਤਾਜਪੁਰ ਰੋਡ ਸਥਿਤ ਆਪਣੀ ਹਾਰਡਵੇਅਰ ਦੀ ਦੁਕਾਨ ਬੰਦ ਕਰ ਕੇ ਪਿਤਾ ਅਰੁਣ ਮਲਹੋਤਰਾ ਦੇ ਨਾਲ ਸਾਈਕਲ 'ਤੇ ਘਰ ਜਾ ਰਿਹਾ ਸੀ। ਤਦ ਤੇਜ਼ ਰਫਤਾਰ ਉਕਤ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੇ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਟਰੱਕ ਚਲਾਉਣਾ ਆਪਣੇ ਪਿਤਾ ਤੋਂ ਸਿੱਖਿਆ ਸੀ।
3 ਦਿਨ ਪਹਿਲਾਂ ਘਰ ਤੋਂ 12 ਹਜ਼ਾਰ ਲੈ ਕੇ ਭੱਜਿਆ ਸੀ ਵਿਕਾਸ
ਇੰਸਪੈਕਟਰ ਅਨੁਸਾਰ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਵਿਕਾਸ ਪੜ੍ਹਨਾ-ਲਿਖਣਾ ਨਹੀਂ ਚਾਹੁੰਦਾ ਸੀ ਅਤੇ ਵਾਰਦਾਤ ਤੋਂ 3 ਦਿਨ ਪਹਿਲਾਂ ਹੀ ਘਰ ਤੋਂ 12 ਹਜ਼ਾਰ ਰੁਪਏ ਚੋਰੀ ਕਰ ਕੇ ਭੱਜਿਆ ਸੀ। ਪਿਤਾ ਉਸ ਦੀਆਂ ਹਰਕਤਾਂ ਤੋਂ ਕਾਫੀ ਤੰਗ ਹੈ। ਵਿਕਾਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਨਵੇਂ ਕੱਪੜੇ ਖਰੀਦੇ ਅਤੇ ਜੰਮ ਕੇ ਫਿਲਮਾਂ ਦੇਖੀਆਂ ਅਤੇ ਰਾਤ ਨੂੰ ਟਰਾਂਸਪੋਰਟ ਨਗਰ ਆ ਕੇ ਸੌਂ ਜਾਂਦਾ ਸੀ।
ਸ਼ਨੀਵਾਰ ਨੂੰ ਵਾਹਨਾਂ ਦੀਆਂ ਚੋਰੀ ਕੀਤੀਆਂ ਚਾਬੀਆਂ
ਪੁਲਸ ਅਨੁਸਾਰ ਵਿਕਾਸ ਦਾ ਪਿਤਾ ਵੀ ਡਰਾਈਵਰ ਹੈ, ਉਹ ਪਿਤਾ ਦੇ ਨਾਲ ਅਕਸਰ ਟਰਾਂਸਪੋਰਟ ਨਗਰ ਆ ਜਾਂਦਾ ਸੀ, ਸ਼ਨੀਵਾਰ ਸਵੇਰੇ ਹੀ ਉਸ ਨੇ ਕੋਈ ਗੱਡੀ ਚੋਰੀ ਕਰਨ ਦਾ ਪਲਾਨ ਬਣਾ ਲਿਆ। ਜਿਸ ਕਾਰਨ ਦਿਨ 'ਚ ਉਥੇ ਆਈਆਂ ਕਈ ਗੱਡੀਆਂ ਦੀਆਂ ਚਾਬੀਆਂ ਅਤੇ ਰਾਤ ਨੂੰ ਨਵਾਂ ਟਰੱਕ ਦੇਖ ਉਸ 'ਚ ਜਦ ਚਾਬੀ ਲਾਈ ਤਾਂ ਉਹ ਚੱਲ ਪਿਆ, ਜਿਸ ਦੇ ਬਾਅਦ ਫਰਾਰ ਹੋ ਗਿਆ।
ਚੀਮਾ ਚੌਕ ਨਾਕੇ 'ਤੇ ਖੜ੍ਹੇ ਇੰਚਾਰਜ ਨੇ ਕੀਤਾ ਪਿੱਛਾ
ਸਾਈਕਲ ਸਵਾਰ ਨੂੰ ਕੁਚਲ ਕੇ ਜਦ ਉਹ ਟਰੱਕ ਲੈ ਕੇ ਫਰਾਰ ਹੋਇਆ ਤਾਂ ਸਾਈਕਲ ਉਸ ਦੇ ਟਰੱਕ ਦੇ ਪਹੀਏ 'ਚ ਹੀ ਫਸ ਗਿਆ, ਜਦ ਉਹ ਚੀਮਾ ਚੌਕ ਤੋਂ ਲੰਘਿਆ ਤਾਂ ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ ਅਤੇ ਥਾਣਾ ਇੰਚਾਰਜ ਨਾਕੇ 'ਤੇ ਵਾਹਨ ਚੈੱਕ ਕਰ ਰਹੇ ਸਨ। ਸਾਈਕਲ ਤੋਂ ਚੰਗਿਆੜੀਆਂ ਨਿਕਲਦੀਆਂ ਦੇਖ ਉਨ੍ਹਾਂ ਨੇ ਪਿੱਛਾ ਕੀਤਾ ਤਾਂ ਵਿਕਾਸ ਨੇ ਟਰੱਕ ਹੋਰ ਤੇਜ਼ ਕਰ ਲਿਆ ਪਰ ਪੁਲਸ ਨੇ ਕੈਂਸਰ ਹਸਪਤਾਲ ਦੇ ਨੇੜਿਓਂ ਕਾਬੂ ਕਰ ਲਿਆ, ਤਦ ਪੁਲਸ ਕੰਟਰੋਲ ਰੂਮ 'ਤੇ ਉਸੇ ਨੰਬਰ ਲੱਗੇ ਟਰੱਕ ਦੇ 1 ਘੰਟਾ ਪਹਿਲਾਂ ਚੋਰੀ ਹੋਣ ਦਾ ਮੈਸੇਜ ਆਉਣ ਲੱਗਾ।
ਟਰੱਕ ਦੀਆਂ ਦਿੱਤੀਆਂ ਸੀ 3 ਕਿਸ਼ਤਾਂ
ਪੁਲਸ ਅਨੁਸਾਰ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਸਾਰੀ ਉਮਰ ਡਰਾਈਵਰੀ ਕੀਤੀ ਹੈ ਅਤੇ ਕੁੱਝ ਸਮਾਂ ਪਹਿਲਾਂ ਹੀ ਟਰੱਕ ਖਰੀਦਿਆ ਸੀ, ਜਿਸ ਦੀਆਂ ਹੁਣ 3 ਕਿਸ਼ਤਾਂ ਹੀ ਦਿੱਤੀਆਂ ਸੀ, ਉਕਤ ਦੋਸ਼ੀ ਚੋਰੀ ਕਰ ਕੇ ਲੈ ਗਿਆ ਅਤੇ ਇੰਨਾ ਵੱਡਾ ਹਾਦਸਾ ਕਰ ਦਿੱਤਾ।
ਸਵਿਫਟ ਕਾਰ ਵੀ ਨੁਕਸਾਨੀ
ਟਰੱਕ ਲੈ ਕੇ ਫਰਾਰ ਹੁੰਦੇ ਸਮੇਂ ਦੋਸ਼ੀ ਨੇ ਰਸਤੇ ਵਿਚ ਇਕ ਸਵਿਫਟ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਉਸ ਦੇ ਮਾਲਕ ਵਲੋਂ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਖੇਤ ਮਜ਼ਦੂਰਾਂ ਨੇ ਬੀ. ਡੀ. ਪੀ. ਓ. ਦਫਤਰ ਮੂਹਰੇ ਦਿੱਤੇ ਧਰਨੇ
NEXT STORY