ਗੜ੍ਹਸ਼ੰਕਰ, (ਬੈਜ ਨਾਥ)- ਬੀਤ ਇਲਾਕੇ ਦੇ ਪਿੰਡ ਟੱਬਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੀ ਰਾਤ ਚੋਰਾਂ ਨੇ ਗੁਰੂਘਰ ਦੇ ਮੇਨ ਦਰਵਾਜ਼ੇ ਦਾ ਤਾਲਾ ਤੋੜ ਕੇ ਗੋਲਕ ਵਿਚੋਂ ਚੜ੍ਹਾਵੇ ਦੀ ਰਕਮ ਚੋਰੀ ਕਰ ਲਈ। ਗੱਲੇ ਵਿਚੋਂ ਕਿੰਨੀ ਰਕਮ ਚੋਰੀ ਹੋਈ, ਇਸ ਸਬੰਧੀ ਅਜੇ ਪਤਾ ਨਹੀ ਲੱਗ ਸਕਿਆ। ਘਟਨਾ ਦਾ ਪਤਾ ਸਵੇਰੇ ਚਾਰ ਵਜੇ ਲੱਗਾ, ਜਦੋਂ ਰੋਜ਼ਾਨਾ ਦੀ ਤਰ੍ਹਾਂ ਪਾਠੀ ਸੁੱਚਾ ਸਿੰਘ ਗੁਰੂਘਰ ਪਹੁੰਚਿਆ। ਗੁਰੂਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਟੁੱਟਿਆ ਜਿੰਦਰਾ ਅੰਦਰ ਪਿਆ ਸੀ। ਚੋਰਾਂ ਨੇ ਗੁਰੂਘਰ ਵਿਚ ਦਾਖਲ ਹੋ ਕੇ ਸੀ. ਸੀ. ਟੀ. ਵੀ. ਕੈਮਰੇ ਤੋੜੇ ਪਰ ਇਸ ਦੇ ਬਾਵਜੂਦ ਇਕ ਚੋਰ ਦੀ ਫੋਟੋ ਕੈਮਰੇ ਵਿਚ ਸਾਫ ਦਿਖਾਈ ਦੇ ਰਹੀ ਹੈ।
ਕੈਮਰੇ ਦੀ ਫੁਟੇਜ ਮੁਤਾਬਕ ਘਟਨਾ ਰਾਤ ਕਰੀਬ ਇਕ ਵਜੇ ਦੀ ਹੈ। ਚੋਰਾਂ ਵੱਲੋਂ ਗੱਲੇ ਦੇ ਨੇੜੇ ਪਏ ਧਾਰਮਿਕ ਸ਼ਸਤਰ ਖੰਡੇ ਨਾਲ ਗੱਲਾ ਤੋੜਿਆ ਗਿਆ। ਚੋਰਾਂ ਦੀ ਗਿਣਤੀ 2 ਜਾਂ ਤਿੰਨ ਹੋ ਸਕਦੀ ਹੈ।
ਪਿੰਡ ਵਾਸੀਆਂ ਜਵਾਲਾ ਸਿੰਘ, ਸੁੱਚਾ ਸਿੰਘ, ਨਰਿੰਦਰ ਸਿੰਘ, ਸ਼ੰਮੀ, ਸੋਨੂੰ, ਜੱਸੀ ਅਤੇ ਤਰਲੋਚਨ ਸਿੰਘ ਨੇ ਦੱਸਿਆ ਕਿ ਗੋਲਕ 'ਚ 10 ਹਜ਼ਾਰ ਰੁਪਏ ਜਾਂ ਇਸ ਦੇ ਆਸ-ਪਾਸ ਨਕਦੀ ਹੋ ਸਕਦੀ ਹੈ। ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮੁਆਇਨਾ ਕੀਤਾ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪਲਾਟ ਵੇਚਣ ਦੇ ਨਾਂ 'ਤੇ 6 ਲੱਖ ਦੀ ਠੱਗੀ, 2 ਨਾਮਜ਼ਦ
NEXT STORY