ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਇਨ੍ਹਾਂ ਦਿਨਾਂ ’ਚ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਜਿਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੀ ਦੇਰ ਰਾਤ ਥਾਣਾ ਸਿਟੀ ਦੀ ਕੁੱਛਡ਼ ’ਚ ਲਗਭਗ 100 ਕਦਮ ਦੀ ਦੂਰੀ ’ਤੇ ਨੋਟਾਂ ਦੇ ਹਾਰ ਬਣਾਉਣ ਵਾਲੀ ਦੁਕਾਨ ਨੂੰ ਅਣਪਛਾਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾ ਲਿਆ। ਥਾਣੇ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ। ਮਾਮਲਾ ਕੋਤਵਾਲੀ ਬਾਜ਼ਾਰ ਦਾ ਹੈ। ਬੀਤੀ ਰਾਤ ਚੋਰਾਂ ਨੇ ਮੇਹਰ ਚੰਦ ਹਾਰ ਮੇਕਰ ਦੀ ਦੁਕਾਨ ਦੇ ਤਾਲੇ ਤੋਡ਼ ਕੇ ਅੰਦਰ ਪਏ 50 ਹਜ਼ਾਰ ਰੁਪਏ ਕੈਸ਼ ਤੇ ਨੋਟਾਂ ਨਾਲ ਤਿਆਰ ਕਰੀਬ 1 ਲੱਖ ਰੁਪਏ ਦੇ ਹਾਰ ਚੋਰੀ ਕਰ ਲਏ। ਚੋਰੀ ਦੀ ਵਾਰਦਾਤ ਬਾਰੇ ਅੱਜ ਸਵੇਰੇ 8 ਵਜੇ ਉਦੋਂ ਪਤਾ ਲੱਗਾ ਜਦੋਂ ਦੁਕਾਨ ਮਾਲਕ ਦੁਕਾਨ ’ਤੇ ਪਹੁੰਚਾ।
ਪੀਡ਼ਤ ਦੁਕਾਨਦਾਰ ਮੇਹਰ ਚੰਦ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਨੂੰ ਆਪਣੀ ਦੁਕਾਨ ਰਾਤ ਕਰੀਬ 9 ਵਜੇ ਬੰਦ ਕਰਕੇ ਘਰ ਚਲਾ ਗਿਆ ਸੀ। ਦੁਕਾਨ ਦੇ ਸਾਹਮਣੇ ਵਾਲਾ ਠੇਕਾ ਰਾਤ 11 ਵਜੇ ਬੰਦ ਹੋਇਆ। ਚੋਰਾਂ ਨੇ ਕੁੰਡੀ ਪੇਚਕੱਸ ਤੇ ਪਲਾਸ ਆਦਿ ਨਾਲ ਤੋਡ਼ਨ ਤੋਂ ਬਾਅਦ ਅੌਜਾਰ ਮੌਕੇ ’ਤੇ ਹੀ ਛੱਡ ਦਿੱਤੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ਟਰ ਖੁੱਲ੍ਹਾ ਹੀ ਛੱਡ ਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਸੀਜ਼ਨ ਹੋਣ ਕਰਕੇ ਲੱਖਾਂ ਰੁਪਏ ਦੇ ਨਵੇਂ ਨੋਟਾਂ ਦੇ ਹਰ ਤਿਆਰ ਕਰਕੇ ਰੱਖੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਜਾਂਚ ਵਿਚ ਜੁਟ ਗਈ ਹੈ।
ਬਾਜ਼ਾਰ ਦੇ ਦੁਕਾਨਦਾਰਾਂ ਨੇ ਪੁਲਸ ’ਤੇ ਲਾਇਆ ਸਵਾਲੀਆ ਨਿਸ਼ਾਨ
ਪੀਡ਼ਤ ਦੁਕਾਨਦਾਰ ਮੇਹਰ ਚੰਦ ਦੇ ਨਾਲ ਕੋਤਵਾਲੀ ਬਾਜ਼ਾਰ ਵਪਾਰ ਸੰਘ ਦੇ ਪ੍ਰਧਾਨ ਸੇਠ ਕੇਵਲ ਕ੍ਰਿਸ਼ਨ ਵਰਮਾ ਤੇ ਹੋਰ ਦੁਕਾਨਦਾਰਾਂ ਨੇ ਰਾਤ ਦੇ ਸਮੇਂ ਪੁਲਸ ਦੀ ਪੈਟਰੋਲਿੰਗ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਜੇਕਰ ਥਾਣੇ ਦੇ ਨਾਲ ਵਾਲੀਆਂ ਦੁਕਾਨਾਂ ਵੀ ਰਾਤ ਨੂੰ ਸੁਰੱਖਿਅਤ ਨਹੀਂ ਰਹਿੰਦੀਆਂ ਤਾਂ ਪੁਲਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲਗਾਉਣਾ ਸੁਭਾਵਿਕ ਹੀ ਹੈ। ਸੇਠ ਵਰਮਾ ਨੇ ਕਿਹਾ ਕਿ ਕਰੀਬ 8 ਸਾਲ ਪਹਿਲਾਂ ਕਬਾਡ਼ ਦੀ ਦੁਕਾਨ ’ਚ ਚੋਰੀ ਦੀ ਘਟਨਾ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਇਸ ਵਾਰਦਾਤ ਦੀ ਘਟਨਾ ਨਾਲ ਦੁਕਾਨਦਾਰਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਤਵਾਲੀ ਬਾਜ਼ਾਰ ਅਤੇ ਹੋਰਨਾਂ ਬਾਜ਼ਾਰਾਂ ਵਿਚ ਪੈਟਰੋਲਿੰਗ ਵਿਵਸਥਾ ਨੂੰ ਠੀਕ ਕੀਤਾ ਜਾਵੇ।
ਪਾਵਰਕਾਮ ਪੈਨਸ਼ਨਰਜ਼ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY