ਲੁਧਿਆਣਾ (ਰਾਜ): ਮਹਾਨਗਰ ਵਿਚ ਸਥਿਤ ਇਕ ਟੈਕਸਟਾਈਲ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਸ਼ਾਤਰ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਕੀਮਤ ਦਾ ਧਾਗਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਫੈਕਟਰੀ ਦੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਬਾਹਰ ਰੱਖੇ ਧਾਗੇ ਦੇ ਕੀਮਤੀ ਬੋਰੇ ਸਮੇਟ ਕੇ ਰਫ਼ੂਚੱਕਰ ਹੋ ਗਏ। ਚੋਰੀ ਹੋਏ ਮਾਲ ਦੀ ਕੁੱਲ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਫੈਕਟਰੀ ਦੇ ਸੁਪਰਵਾਈਜ਼ਰ ਦੀ ਸ਼ਿਕਾਇਤ 'ਤੇ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 'ਐਨ.ਪੀ. ਟੈਕਸਟਾਈਲ' ਵਿਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਬੀਤੀ 30 ਅਗਸਤ ਦੀ ਸਵੇਰ ਕਰੀਬ 8:00 ਵਜੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਦਫ਼ਤਰ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ 100 ਫੁੱਟਾ ਰੋਡ ਵਾਲੇ ਪਾਸੇ ਲੱਗਿਆ ਦਫ਼ਤਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਆਲੇ-ਦੁਆਲੇ ਅਤੇ ਬਾਹਰ ਰੱਖੇ ਸਟਾਕ ਦੀ ਜਾਂਚ ਕੀਤੀ, ਤਾਂ ਦਫ਼ਤਰ ਦੇ ਬਾਹਰ ਰੱਖੇ ਧਾਗੇ ਦੇ ਕਈ ਬੋਰੇ ਗਾਇਬ ਮਿਲੇ।
ਪੀੜਤ ਅਨੁਸਾਰ, ਗਾਇਬ ਹੋਏ ਬੋਰਿਆਂ ਵਿਚ ਧਾਗਾ ਭਰਿਆ ਹੋਇਆ ਸੀ, ਜਿਸ ਦੀ ਕੁੱਲ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਬਣਦੀ ਹੈ। ਅਣਪਛਾਤੇ ਚੋਰ ਰਾਤ ਦੇ ਹਨੇਰੇ ਵਿੱਚ ਕਿਸੇ ਵਾਹਨ 'ਤੇ ਇਹ ਸਾਰਾ ਮਾਲ ਲੱਦ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੁਪਰਵਾਈਜ਼ਰ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਫੈਕਟਰੀ ਮਾਲਕਾਂ ਅਤੇ ਸਬੰਧਤ ਥਾਣਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੁਆਇਨਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਸੁਪਰਵਾਈਜ਼ਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਚੋਰੀ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ 100 ਫੁੱਟਾ ਰੋਡ ਅਤੇ ਆਲੇ-ਦੁਆਲੇ ਦੀਆਂ ਫੈਕਟਰੀਆਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰੀ ਵਿੱਚ ਵਰਤੇ ਗਏ ਵਾਹਨ ਅਤੇ ਸ਼ੱਕੀਆਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਟਰੇਸ ਕਰਕੇ ਚੋਰੀ ਦਾ ਮਾਲ ਬਰਾਮਦ ਕਰ ਲਿਆ ਜਾਵੇਗਾ।
11 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਸਾੜਾ ਡਰੇਨ ’ਚੋਂ ਮਿਲੀ ਲਾਸ਼, ਪੈਰ ਰੱਸੀਆਂ ਨਾਲ ਬੰਨ੍ਹੇ ਹੋਣ ਦਾ ਦਾਅਵਾ
NEXT STORY