ਮਹਿਲ ਕਲਾਂ (ਹਮੀਦੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ’ਚ ਮੰਗਲਵਾਰ ਦੀ ਦੇਰ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਵਿਦੇਸ਼ ਰਹਿੰਦੇ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਬੇਖੌਫ ਹੋ ਕੇ ਘਰ ਦੀ ਪਿਛਲੀ ਬਾਰੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਫਰੋਲ-ਫਰਾਲੀ ਕੀਤੀ ਅਤੇ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਤੇ ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਇਸ ਘਟਨਾ ਨੇ ਨਾ ਸਿਰਫ ਪੀੜਤ ਪਰਿਵਾਰ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਹੈ, ਸਗੋਂ ਪੂਰੇ ਇਲਾਕੇ ’ਚ ਸੁਰੱਖਿਆ ਪ੍ਰਬੰਧਾਂ ਸਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਗਜੀਵਨ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਧਰਮਿੰਦਰ ਕੌਰ ਪੁੱਤਰੀ ਸੇਵਾ ਸਿੰਘ ਵਾਸੀ ਵਜੀਦਕੇ ਖੁਰਦ ਆਪਣੇ ਪਰਿਵਾਰ ਸਮੇਤ ਕਈ ਸਾਲਾਂ ਤੋਂ ਵਿਦੇਸ਼ ’ਚ ਰਹਿ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਕਾਰਨ ਉਹ 2 ਜੂਨ ਨੂੰ ਆਪਣੇ ਬੱਚਿਆਂ ਸਮੇਤ ਭੈਣ ਦੇ ਘਰ ਦੀ ਦੇਖਭਾਲ ਲਈ ਆਈ ਹੋਈ ਸੀ। ਮੰਗਲਵਾਰ ਰਾਤ ਜਦੋਂ ਪਰਿਵਾਰਕ ਮੈਂਬਰ ਘਰ ’ਚ ਸੁੱਤੇ ਹੋਏ ਸਨ ਤਾਂ ਅਣਪਛਾਤੇ ਚੋਰਾਂ ਨੇ ਮੌਕਾ ਤਾੜ ਕੇ ਕੋਠੀ ਦੇ ਪਿਛਲੇ ਪਾਸੇ ਲੱਗੀ ਖਿੜਕੀ ਨੂੰ ਤੋੜਿਆ ਅਤੇ ਘਰ ਅੰਦਰ ਦਾਖਲ ਹੋ ਗਏ।
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਅੰਦਰ ਦਾਖਲ ਹੁੰਦਿਆਂ ਹੀ ਵੱਖ-ਵੱਖ ਕਮਰਿਆਂ ’ਚ ਪਈਆਂ ਅਲਮਾਰੀਆਂ ਤੇ ਸੰਦੂਕਾਂ ਦੀ ਤਲਾਸ਼ੀ ਲਈ। ਚੋਰਾਂ ਨੇ ਅਲਮਾਰੀਆਂ ਦਾ ਸਾਰਾ ਸਾਮਾਨ ਬਾਹਰ ਕੱਢ ਕੇ ਕਮਰਿਆਂ ’ਚ ਖਿਲਾਰ ਦਿੱਤਾ ਅਤੇ ਨਕਦੀ ਤੇ ਕੀਮਤੀ ਗਹਿਣਿਆਂ ਦੀ ਭਾਲ ਕੀਤੀ। ਫਰੋਲ-ਫਰਾਲੀ ਦੌਰਾਨ ਚੋਰ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਆਪਣੇ ਨਾਲ ਲੈ ਗਏ। ਸਵੇਰੇ ਜਦੋਂ ਪਰਿਵਾਰਕ ਮੈਂਬਰ ਜਾਗੇ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਘਟਨਾ ਦੀ ਸੂਚਨਾ ਤੁਰੰਤ ਗ੍ਰਾਮ ਪੰਚਾਇਤ ਅਤੇ ਥਾਣਾ ਠੁੱਲੀਵਾਲ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਦਿਆਂ ਹੀ ਥਾਣਾ ਠੁੱਲੀਵਾਲ ਦੇ ਏ. ਐੱਸ. ਆਈ. ਗੁਰਨਾਮ ਸਿੰਘ ਚੁਹਾਣਕੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਪੁਲਸ ਵੱਲੋਂ ਘਰ ਦੇ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਗਈ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਤਾਂ ਲੋਕਾਂ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੋਰੀ ਦੀ ਘਟਨਾ ਨੂੰ ਤੁਰੰਤ ਟਰੇਸ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਲਾਕੇ ’ਚ ਰਾਤ ਸਮੇਂ ਪੁਲਸ ਗਸ਼ਤ ਵਧਾਈ ਜਾਵੇ, ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਰਹਿੰਦੇ ਪਰਿਵਾਰਾਂ ਦੇ ਘਰ ਅਕਸਰ ਚੋਰਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ, ਇਸ ਲਈ ਪੁਲਸ ਨੂੰ ਅਜਿਹੇ ਘਰਾਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ। ਪਿੰਡ ਵਜੀਦਕੇ ਖੁਰਦ ’ਚ ਵਾਪਰੀ ਇਸ ਚੋਰੀ ਦੀ ਘਟਨਾ ਨੇ ਇਕ ਵਾਰ ਫਿਰ ਪੇਂਡੂ ਖੇਤਰਾਂ ’ਚ ਸੁਰੱਖਿਆ ਪ੍ਰਬੰਧਾਂ ਸਬੰਧੀ ਚਰਚਾ ਛੇੜ ਦਿੱਤੀ ਹੈ ਅਤੇ ਲੋਕ ਹੁਣ ਪੁਲਸ ਦੀ ਕਾਰਵਾਈ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ।
ਅੰਮ੍ਰਿਤਸਰ ਦਿਹਾਤੀ ਪੁਲਸ ਦਾ ਵੱਡਾ ਐਕਸ਼ਨ: ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 5 ਮੁਲਜ਼ਮ ਗ੍ਰਿਫ਼ਤਾਰ
NEXT STORY