ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜਲਾਲਾਬਾਦ ਰੋਡ ’ਤੇ ਸਥਿਤ ਮਾਰਕਫੈੱਡ ਸ਼ਾਖਾ ਦੇ ਸ਼ਰਮਾ ਓਪਨ ਗੋਦਾਮ ਵਿਚ ਬੀਤੀ ਰਾਤ 20 ਤੋਂ 25 ਹਥਿਆਰਬੰਦ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਗੋਦਾਮ ਦਾ ਮੇਨ ਗੇਟ ਤੋੜ ਕੇ ਅੰਦਰ ਦਾਖਲ ਹੋਏ ਅਤੇ ਡਿਊਟੀ 'ਤੇ ਮੌਜੂਦ ਚੌਕੀਦਾਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਧਕ ਬਣਾ ਕੇ ਕਣਕ ਦੇ ਲਗਭਗ 300 ਗੱਟੇ ਕੈਂਟਰ ਵਿੱਚ ਲੱਦ ਕੇ ਫਰਾਰ ਹੋ ਗਏ।
ਮਿਲੀਆਂ ਰਿਪੋਰਟਾਂ ਅਨੁਸਾਰ ਇਹ ਘਟਨਾ 24 ਅਤੇ 25 ਜੁਲਾਈ ਦੀ ਦਰਮਿਆਨੀ ਰਾਤ ਲਗਭਗ 1:30 ਵਜੇ ਵਾਪਰੀ। ਚੋਰਾਂ ਨੇ ਪਹਿਲਾਂ ਗੋਦਾਮ ਦਾ ਮੁੱਖ ਗੇਟ ਤੋੜਿਆ ਅਤੇ ਇੱਕ ਕੈਂਟਰ ਸਮੇਤ ਅੰਦਰ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਮੌਜੂਦ ਸਾਰੇ ਚੌਕੀਦਾਰਾਂ ਨੂੰ ਹਥਿਆਰ ਦਿਖਾ ਕੇ ਡਰਾਇਆ-ਧਮਕਾਇਆ, ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹ ਕੇ ਆਪਣੇ ਕੋਲ ਰੱਖ ਲਏ।
ਇਸ ਤੋਂ ਬਾਅਦ ਚੋਰਾਂ ਨੇ ਆਰਾਮ ਨਾਲ ਗੋਦਾਮ ਵਿਚ ਸਟੋਰ ਕੀਤੀ ਫਸਲ ਸਾਲ 2026-27 ਦੀ ਕਣਕ ਦੇ ਚੱਕਾ ਨੰਬਰ 10 ਅਤੇ ਪਲਿੰਥ ਨੰਬਰ 04 ਤੋਂ ਲਗਭਗ 300 ਗੱਟੇ ਕੈਂਟਰ ਵਿੱਚ ਲੋਡ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਮਾਰਕਫੈੱਡ ਸ਼ਾਖਾ ਦੇ ਮੈਨੇਜਰ ਹਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਪੰਜਾਬ : ਕਾਰ 'ਚ ਬੈਠੇ ਬੰਦੇ ਦੇ ਵੱਜੀ ਮੱਥੇ 'ਚ ਗੋਲੀ, ਪੁਲਸ ਵੀ ਰਹਿ ਗਈ ਹੈਰਾਨ ਪ੍ਰੇਸ਼ਾਨ
NEXT STORY