ਫਗਵਾੜਾ,(ਹਰਜੋਤ)—ਇਥੇ ਬੰਗਾ ਰੋਡ 'ਤੇ ਸਥਿਤ ਸਬ-ਜੇਲ 'ਚ ਬੰਦ ਤਿੰਨ ਕੈਦੀਆਂ ਵੱਲੋਂ ਜੇਲ ਦੀ ਕੰਧ ਨੂੰ ਪਾੜਨ ਦੇ ਦੋਸ਼ 'ਚ ਤਿੰਨ ਕੈਦੀਆਂ ਖਿਲਾਫ਼ ਧਾਰਾ 224, 511 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਅਤੇ ਜਾਂਚ ਅਧਿਕਾਰੀ ਬਲਵਿੰਦਰ ਰਾਏ ਨੇ ਦੱਸਿਆ ਕਿ ਬੀਤੀ ਦੇਰ ਰਾਤ ਕੈਦੀਆਂ ਨੇ ਬਾਥਰੂਮ 'ਚ ਵੜ ਕੇ ਇਕ ਪੱਤੀ ਨਾਲ ਜੇਲ ਦੀ ਕੰਧ ਪਾੜਨੀ ਸ਼ੁਰੂ ਕਰ ਦਿੱਤੀ ਅਤੇ 4-5 ਇੱਟਾਂ ਬਾਹਰ ਵੀ ਕੱਢ ਲਈਆਂ। ਇੰਨੇ ਨੂੰ ਡਿਊਟੀ 'ਤੇ ਤਾਇਨਾਤ ਸੰਤਰੀ ਨੂੰ ਇਸ ਗੱਲ ਦੀ ਭਿੱਣਖ ਪੈ ਗਈ ਤਾਂ ਉਸ ਨੇ ਤੁਰੰਤ ਇਨ੍ਹਾਂ ਨੂੰ ਰੋਕਿਆ ਅਤੇ ਜੇਲ ਸੁਪਰਡੈਂਟ ਨੂੰ ਸੂਚਿਤ ਕੀਤਾ।
ਜੇਲ ਸੁਪਰਡੈਂਟ ਜਸਪਾਲ ਸਿੰਘ ਵਲੋਂ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੋਹਿਤ ਉਰਫ਼ ਗੰਜਾ ਪੁੱਤਰ ਸਤਪਾਲ ਵਾਸੀ ਪਲਾਹੀ ਗੇਟ, ਦੂਸਰਾ ਅਮਰਦੀਪ ਸਿੰਘ ਉਰਫ਼ ਦੀਪ ਪੁੱਤਰ ਪਵਿੱਤਰ ਸਿੰਘ ਪਿੰਡ ਪੰਡੋਰੀ ਜਮਸ਼ੇਰ ਜਲੰਧਰ ਅਤੇ ਤੀਸਰਾ ਨਰੇਸ਼ ਬੰਗੜ ਉਰਫ਼ ਕੇਸ਼ਾ ਪੁੱਤਰ ਕੁਲਦੀਪ ਰਾਏ ਵਾਸੀ ਠੱਕਰਕੀ ਖਿਲਾਫ਼ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਅਨੁਸਾਰ ਜੇਲ ਦੇ ਸੰਤਰੀ ਜੋਗਿੰਦਰ ਕੁਮਾਰ ਨੇ ਇਨ੍ਹਾਂ ਤਿੰਨਾਂ ਹਵਾਲਾਤੀਆਂ ਦੀ ਗਿਣਤੀ ਬੈਰਕ ਨੰਬਰ 1 'ਚ ਕੀਤੀ ਸੀ ਅਤੇ ਜਦੋਂ ਰਾਤ ਨੂੰ ਉਸ ਨੇ ਬੈਰਕਾਂ ਦਾ ਚੱਕਰ ਲਾਇਆ ਤਾਂ ਬਾਥਰੂਮ ਦੇ ਨਾਲ ਦੀ ਦੀਵਾਰ 'ਚੋਂ ਕੰਧ ਨੂੰ ਲੋਹੇ ਦੇ ਐਂਗਲ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ 'ਤੇ ਉਸ ਨੇ ਬਾਕੀ ਸਾਥੀਆਂ ਦੀ ਮਦਦ ਨਾਲ ਇਨ੍ਹਾਂ ਨੂੰ ਕਾਬੂ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵਲੋਂ ਮਨਜ਼ੂਰੀ ਲੈ ਕੇ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਪਾ ਕੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਹੁਸ਼ਿਆਰਪੁਰ ਦੇ ਜੇਲ ਸੁਪਰਡੈਂਟ ਗੁਰਪਾਲ ਸਿੰਘ ਲੜੋਆ ਵੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ।
ਕਿਸ-ਕਿਸ ਕੇਸ 'ਚ ਸਨ ਜੇਲ 'ਚ ਤਿੰਨੋਂ ਕੈਦੀ
ਮੋਹਿਤ ਨੂੰ ਮੁਕੱਦਮਾ ਨੰਬਰ 115 ਥਾਣਾ ਸਦਰ ਦੀ ਪੁਲਸ ਵਲੋਂ ਲੁੱਟ ਖੋਹ ਦੇ ਕੇਸ 'ਚ ਧਾਰਾ 379-ਬੀ ਨੂੰ 27.05.2018 ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਜੇਲ 'ਚ ਬੰਦ ਸੀ। ਅਮਰਦੀਪ ਸਿੰਘ ਨੂੰ ਸਿਟੀ ਪੁਲਸ ਨੇ ਮੁਕੱਦਮਾ ਨੰਬਰ 103 'ਚ 21.06.2018 ਨੂੰ ਐਕਸਾਈਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ, ਜੋ ਜੇਲ 'ਚ ਬੰਦ ਸੀ। ਤੀਸਰਾ ਨਰੇਸ਼ ਬੰਗੜ ਜਿਸ ਨੂੰ ਸਤਨਾਮਪੁਰਾ ਪੁਲਸ ਨੇ ਮੁਕੱਦਮਾ ਨੰਬਰ 35 ਲੁੱਟ-ਖੋਹ ਦੇ ਕੇਸ 'ਚ 13.06.2018 ਨੂੰ ਧਾਰਾ 379, 379-ਬੀ ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਥੋਂ ਦੀ ਸਬ ਜੇਲ 'ਚ ਬੰਦ ਸੀ। ਕੈਦੀਆਂ ਨੇ ਜੇਲ ਦੇ ਅੰਦਰ ਬਾਥਰੂਮ 'ਚ ਲੱਗੀਆਂ ਪੱਤੀਆਂ ਨੂੰ ਪੱਟ ਲਿਆ ਅਤੇ ਉਨ੍ਹਾਂ ਦੀ ਮਦਦ ਨਾਲ ਹੀ ਇੱਟਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਨਸ਼ਾ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ਾਂ 'ਚ ਸਰਕਾਰ ਨੇ DSP ਦਲਜੀਤ ਢਿੱਲੋਂ ਨੂੰ ਕੀਤਾ ਮੁਅੱਤਲ
NEXT STORY