ਜਲੰਧਰ (ਵਰੁਣ)-ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਬੰਬੀਹਾ ਗਰੁੱਪ ਦੇ ਸ਼ੂਟਰ ਹੈਪੀ ਭੁੱਲਰ ਦੀ ਪੀ. ਵੀ. ਸੀ. ਕਾਰੋਬਾਰੀ ਟਿੰਕੂ ਦੇ ਕਤਲ ਮਾਮਲੇ ’ਚ ਪੁਲਸ ਨੇ ਗ੍ਰਿਫ਼ਤਾਰੀ ਪਾ ਦਿੱਤੀ ਹੈ। ਹੈਪੀ 12 ਅਕਤੂਬਰ ਤੱਕ ਪੁਲਸ ਰਿਮਾਂਡ ’ਤੇ ਹੈ, ਜਿਸ ਕੋਲੋਂ ਗੈਂਗਸਟਰ ਪੁਨੀਤ ਸ਼ਰਮਾ ਅਤੇ ਲੱਲੀ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਸ ਦਾ ਕਹਿਣਾ ਸੀ ਕਿ ਉਹ ਪੁਨੀਤ ਨੂੰ ਉਦੋਂ ਹੀ ਮਿਲਿਆ ਸੀ, ਜਦੋਂ ਟਿੰਕੂ ਦਾ ਕਤਲ ਕਰਨ ਲਈ ਉਹ ਫਿਰੋਜ਼ਪੁਰ ਤੋਂ ਆਇਆ ਸੀ ਅਤੇ ਉਸ ਤੋਂ ਬਾਅਦ ਕਦੀ ਉਸ ਦੀ ਪੁਨੀਤ ਜਾਂ ਲੱਲੀ ਨਾਲ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਫੋਨ ’ਤੇ ਗੱਲ ਹੋਈ।
ਸ਼ੂਟਰ ਹੈਪੀ ਭੁੱਲਰ ਨੂੰ ਸੀ. ਆਈ. ਏ. ਸਟਾਫ਼-1 ਵਿਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਦੀ ਬੰਬੀਹਾ ਗਰੁੱਪ ਦੇ ਹਰਪ੍ਰੀਤ ਮੱਲ ਨਾਲ ਗੂੜ੍ਹੀ ਦੋਸਤੀ ਹੈ, ਜਿਸ ਨੇ ਉਸ ਨੂੰ ਫੋਨ ਕੀਤਾ ਸੀ ਕਿ ਟਿੰਕੂ ਨਾਂ ਦੇ ਵਿਅਕਤੀ ਨੇ ਉਸ ਦੀ ਮਾਂ ਨੂੰ ਗਾਲ੍ਹਾਂ ਕੱਢੀਆਂ ਹਨ, ਜਿਸ ਦਾ ਬਦਲਾ ਉਸ ਨੂੰ ਕਤਲ ਕਰ ਕੇ ਲੈਣਾ ਹੈ। ਅਜਿਹੇ ’ਚ ਹਰਪ੍ਰੀਤ ਮੱਲ ਨੇ ਆਪਣੇ ਹੀ ਗਰੁੱਪ ਦੇ ਸ਼ੂਟਰ ਹੈਪੀ ਭੁੱਲਰ ਨੂੰ ਪੁਨੀਤ ਨੂੰ ਮਿਲਣ ਲਈ ਕਿਹਾ, ਜਿਸ ਤੋਂ ਬਾਅਦ ਹੈਪੀ ਆਪਣੇ ਹੋਰ ਸ਼ੂਟਰਾਂ ਨਾਲ ਜਲੰਧਰ ਆ ਗਿਆ ਅਤੇ ਰੇਕੀ ਕਰਨ ਤੋਂ ਬਾਅਦ ਟਿੰਕੂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ
ਸ਼ੂਟਰ ਹੈਪੀ ਨੇ ਇਹ ਵੀ ਮੰਨਿਆ ਕਿ ਕਤਲ ਲਈ ਜਿਹੜੀ ਪਿਸਤੌਲ ਵਰਤੀ ਗਈ, ਉਹ ਫਿਰੋਜ਼ਪੁਰ ਤੋਂ ਨਾਲ ਲੈ ਕੇ ਆਇਆ ਸੀ, ਜਦਕਿ ਪੁਨੀਤ ਕੋਲ ਆਪਣਾ ਹਥਿਆਰ ਸੀ। ਹਾਲਾਂਕਿ ਡਿਪਟੀ ਕਤਲ ਕੇਸ ਵਿਚ ਹੈਪੀ ਭੁੱਲਰ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਗੈਂਗਸਟਰ ਕੌਸ਼ਲ ਚੌਧਰੀ ਨੂੰ ਵੀ ਸੀ. ਆਈ. ਏ. ਸਟਾਫ਼ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰ ਚੁੱਕੀ ਹੈ। ਉਸ ਤੋਂ ਡਿਪਟੀ ਕਤਲ ਕੇਸ ਵਿਚ ਪੁੱਛਗਿੱਛ ਹੋਈ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 6 ਮਾਰਚ ਨੂੰ ਪ੍ਰੀਤ ਨਗਰ ਸੋਢਲ ਰੋਡ ’ਤੇ ਸਥਿਤ ਟਿੰਕੂ ਦੀ ਦੁਕਾਨ ’ਚ ਦਾਖ਼ਲ ਹੋ ਕੇ ਪੁਨੀਤ, ਲੱਲੀ, ਹੈਪੀ ਭੁੱਲਰ ਅਤੇ ਹੋਰਨਾਂ ਨੇ ਟਿੰਕੂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਨੰ. 8 ਵਿਚ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਦੇ ਬਾਅਦ ਤੋਂ ਪੁਨੀਤ ਸ਼ਰਮਾ ਅਤੇ ਲੱਲੀ ਫਰਾਰ ਹਨ। ਟਿੰਕੂ ਨੂੰ ਕਤਲ ਕਰਨ ਤੋਂ ਬਾਅਦ ਪੁਨੀਤ ਨੇ ਆਪਣੇ ਭਰਾ ਨੂੰ ਗੁਪਤ ਢੰਗ ਨਾਲ ਵਿਦੇਸ਼ ਭੇਜ ਦਿੱਤਾ ਸੀ ਤਾਂ ਜੋ ਪੁਲਸ ਉਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾ ਸਕੇ। ਹਾਲਾਂਕਿ ਜਲੰਧਰ ਦਿਹਾਤੀ ਪੁਲਸ ਪੁਨੀਤ ਅਤੇ ਲੱਲੀ ਦੇ ਕਾਫ਼ੀ ਨੇੜੇ ਪਹੁੰਚ ਗਈ ਸੀ ਪਰ ਸੂਚਨਾ ਮਿਲਣ ’ਤੇ ਉਹ ਆਪਣੀ ਛੁਪਣਗਾਹ ਛੱਡ ਕੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵੇਂ ਸਾਲ ਤੇ ਕ੍ਰਿਸਮਿਸ ਲਈ ਸਿਰਫ 15000 ਰੁਪਏ 'ਚ ਹਾਸਿਲ ਕਰੋ ਕੈਨੇਡਾ ਦਾ ਟੂਰਿਸਟ ਵੀਜ਼ਾ
NEXT STORY