ਜਲੰਧਰ (ਬਿਊਰੋ): ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਵਿਚ ਫੇਰਬਦਲ ਕਰ ਕੇ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕੀਤੀ ਗਈ ਤਾਂ ਉੱਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਅੱਜ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਧੂ ਦੀ ਹਵੇਲੀ ਪਹੁੰਚੀ। ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ...
Breaking News: ਮਾਨ ਸਰਕਾਰ ਦੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ
ਪੰਜਾਬ ਕੈਬਨਿਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਤਰੀ ਮੰਡਲ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ, ਜਿਸ ਕਾਰਨ ਸੀ.ਐੱਮ. ਭਗਵੰਤ ਮਾਨ ਨੇ ਆਪਣੇ ਕੁਝ ਕੈਬਨਿਟ ਮੰਤਰੀਆਂ ਵਿੱਚ ਫੇਰਬਦਲ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਵਿਭਾਗ ਸੌਂਪੇ ਹਨ।
ਮੂਸੇ ਵਾਲਾ ਦੀ ਹਵੇਲੀ ਪੁੱਜੀ SIT ਦੀ ਟੀਮ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਜਾਣੋ ਕੀ ਕਿਹਾ
ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਇਕਬਾਲ ਨਿੱਜੀ ਚੈਨਲ ਕੋਲ ਕਰਨ ਤੋਂ ਬਾਅਦ ਅੱਜ ਅਚਾਨਕ ਮੂਸੇ ਵਾਲਾ ਦੇ ਘਰ ਕਤਲ ਕਾਂਡ ਲਈ ਪੰਜਾਬ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁੱਖੀ ਜਸਕਰਨ ਸਿੰਘ ਪੁੱਜੇ।
ਅੰਮ੍ਰਿਤਸਰ ਵਿਖੇ G20 ਸੰਮੇਲਨ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਆਖੀਆਂ ਇਹ ਗੱਲਾਂ
ਅੰਮ੍ਰਿਤਸਰ ਵਿਖੇ ਅੱਜ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਹੋਈ ਹੈ, ਜਿਸ ਵਿੱਚ 20 ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ 'ਚ ਸਭ ਦਾ ਸੁਆਗਤ ਕਰਦਿਆਂ ਕਿਹਾ 'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ'।
ਵਿਜੀਲੈਂਸ ਨੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਨੂੰ 20 ਮਾਰਚ ਤੱਕ ਕੀਤਾ ਤਲਬ
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਵੈਦ ਨੂੰ ਵਿਜੀਲੈਂਸ ਬਿਊਰੋ ਵੱਲੋਂ 20 ਮਾਰਚ ਤੱਕ ਲਈ ਤਲਬ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੈਦ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਕਿਉਂਕਿ ਪੱਖੋਵਾਲ ਰੋਡ 'ਤੇ ਸਥਿਤ ਕੁਲਦੀਪ ਵੈਦ ਦੇ ਇਕ ਰੈਸਟੋਰੈਂਟ 'ਤੇ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਸਾਰੀ ਦੇ ਕੰਮ 'ਚ ਕਥਿਤ ਤੌਰ 'ਤੇ ਨਿਯਮਾਂ ਦੀ ਉਲੰਘਣਾ ਦਾ ਖੁਲਾਸਾ ਹੋਇਆ ਹੈ।
ਕੋਟਕਪੂਰਾ ਗੋਲ਼ੀਕਾਂਡ : ਅਦਾਲਤ ਨੇ ਮੁੜ ਟਾਲਿਆ ਬਾਦਲਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਫ਼ੈਸਲਾ
ਫਰੀਦਕੋਟ ਅਦਾਲਤ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਸੁਣਾਇਆ ਜਾਣ ਵਾਲਾ ਫ਼ੈਸਲਾ ਮੁੜ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵੱਲੋਂ ਇਸ ਮਾਮਲੇ 'ਤੇ ਫ਼ੈਸਲਾ 16 ਮਾਰਚ ਯਾਨੀ ਕੱਲ੍ਹ ਨੂੰ ਸੁਣਾਇਆ ਜਾਵੇਗਾ।
ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ ਜਲੰਧਰ 'ਚ ਦਰਜ ਐੱਫ.ਆਈ.ਆਰ. ਰੱਦ ਕਰਵਾਉਣ ਲਈ ਦਾਇਰ ਪਟੀਸ਼ਨ 'ਤੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਨਾਲ ਹੀ ਮਾਮਲੇ ਦੀ ਆਉਣ ਵਾਲੀ ਤਾਰੀਖ਼ ਲਈ ਹਾਈ ਕੋਰਟ ਨੇ 30 ਮਈ 2023 ਤੈਅ ਕੀਤੀ ਹੈ।
ਬੰਬੀਹਾ ਗੈਂਗ ਦੇ ਚਾਰ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਮਨਕੀਰਤ ਔਲਖ ਤੇ ਬੱਬੂ ਮਾਨ ਦਾ ਕਰਨਾ ਸੀ ਕਤਲ
ਚੰਡੀਗੜ੍ਹ ਪੁਲਸ ਦੇ ਆਪਰੇਸ਼ਨ ਸੈੱਲ ਨੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁੱਛਗਿੱਛ ਵਿਚ ਵੱਡੇ ਖੁਲਾਸੇ ਹੋਏ ਹਨ। ਗੁਰਗਿਆਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ।
'ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ' ਕਰਤਾਰਪੁਰ ਦੀ ਉਸਾਰੀ 'ਚ ਘਪਲੇ ਦੇ ਸਬੂਤ! ਜਾਂਚ 'ਚ ਜੁੱਟੀ ਵਿਜੀਲੈਂਸ
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਨਜ਼ਦੀਕ ਕਰਤਾਰਪੁਰ 'ਚ ਬਣੇ ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਦੇ ਸਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਵਲੋਂ ਇਸ ਦੇ ਨਿਰਮਾਣ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਸੰਭਾਵਨਾ ਹੈ ਕਿ ਵਿਜੀਲੈਂਸ ਇਸ ਦੇ ਨਿਰਮਾਣ 'ਚ ਗੜਬੜੀਆਂ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।
ਪ੍ਰਸਿੱਧ ਅਦਾਕਾਰ ਸਮੀਰ ਖਾਖਰ ਦਾ ਦਿਹਾਂਤ, ਸਰੀਰ ਦੇ ਕਈ ਅੰਗ ਹੋ ਗਏ ਸਨ ਫੇਲ੍ਹ
ਆਏ ਦਿਨੀਂ ਫ਼ਿਲਮੀ ਸਿਤਾਰਿਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਖ਼ਬਰ ਆਈ ਹੈ ਕਿ ਮਸ਼ਹੂਰ ਟੀ. ਵੀ. ਅਤੇ ਫ਼ਿਲਮ ਅਦਾਕਾਰ ਸਮੀਰ ਖਾਖਰ ਦਾ 71 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸਮੀਰ ਖਾਖਰ 80 ਦੇ ਦਹਾਕੇ 'ਚ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ 'ਨੁੱਕੜ' (1986) 'ਚ 'ਖੋਪੜੀ', (ਇੱਕ ਸ਼ਰਾਬੀ) ਦਾ ਬਹੁਤ ਮਸ਼ਹੂਰ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ।
'ਲੋਕੇਸ਼' ਦੇ ਸਾਹਾਂ ਦੀ ਟੁੱਟੀ ਡੋਰ, 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਸੀ 7 ਸਾਲ ਦਾ ਮਾਸੂਮ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਬੋਰਵੈੱਡ 'ਚ ਡਿੱਗੇ 7 ਸਾਲਾ ਬੱਚੇ ਨੂੰ ਕਰੀਬ 24 ਘੰਟਿਆਂ ਬਾਅਦ ਬਾਹਰ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦਿਸ਼ਾ ਕਲੈਕਟਰ ਉਮਾ ਸ਼ੰਕਰ ਭਾਰਗਵ ਨੇ ਕਿਹਾ,''ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।''
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਜੀਲੈਂਸ ਨੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਨੂੰ 20 ਮਾਰਚ ਤੱਕ ਕੀਤਾ ਤਲਬ
NEXT STORY