ਤਰਨਤਾਰਨ/ਬਟਾਲਾ/ਜਲੰਧਰ, (ਰਮਨ, ਬੇਰੀ, ਧਵਨ) : ਤਰਨਤਾਰਨ ਅਤੇ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਦਿਨਾਂ 'ਚ 30 ਲੋਕਾਂ ਦੀ ਮੌਤ ਹੋ ਗਈ। ਤਰਨਤਾਰਨ ਦੇ ਮੁਹੱਲਾ ਜੱਸੇ ਵਾਲਾ ਸਮੇਤ ਵੱਖ-ਵੱਖ ਪਿੰਡਾਂ 'ਚ ਪਿਓ-ਪੁੱਤ ਸਮੇਤ ਕੁੱਲ 23 ਵਿਅਕਤੀਆਂ ਜਦਕਿ ਬਟਾਲਾ ਦੇ ਹਾਥੀ ਗੇਟ ਤੇ ਨੇੜਲੇ ਖੇਤਰਾਂ 'ਚ 7 ਵਿਅਕਤੀਆਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਇਸ ਮਾਮਲੇ ਦੀ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਸੌਂਪੀ ਗਈ ਹੈ। ਫਿਲਹਾਲ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ 2 ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਤਰਨਤਾਰਨ ਦੇ ਮੁਹੱਲਾ ਜੱਸੇ ਵਾਲਾ ਅਤੇ ਸੱਚਖੰਡ ਰੋਡ ਨਿਵਾਸੀ 8 ਵਿਅਕਤੀਆਂ ਦੀ ਵੀਰਵਾਰ ਰਾਤ ਨੂੰ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਮੌਤ ਹੋ ਚੁਕੀ ਹੈ, ਜਿਨ੍ਹਾਂ 'ਚ ਹਰਜੀਤ ਸਿੰਘ (67), ਭਾਗਮੱਲ (46), ਹਰਜੀਤ ਸਿੰਘ (66), ਪਿਆਰਾ ਸਿੰਘ (65), ਕੁਲਦੀਪ ਸਿੰਘ, ਅਮਰੀਕ ਸਿੰਘ ਫੀਕਾ, ਸੁਖਚੈਨ ਸਿੰਘ, ਰਣਜੀਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਪਿੰਡ ਨੌਰੰਗਾਬਾਦ ਦੇ ਨਿਵਾਸੀ ਸੁਖਦੇਵ ਸਿੰਘ, ਰਾਮਾ (40), ਸਾਹਿਬ ਸਿੰਘ, ਧਰਮ ਸਿੰਘ (55), ਹਰਬੰਸ ਸਿੰਘ (60), ਪਿੰਡ ਮੱਲ ਮੋਹਰੀ ਦੇ ਪਿਉ-ਪੁੱਤਰ ਨਾਜਰ ਸਿੰਘ ਤੇ ਧਰਮਮਿੰਦਰ ਸਿੰਘ, ਪਿੰਡ ਬੱਚੜੇ ਦੇ ਗੁਰਵੇਲ ਸਿੰਘ (40) ਅਤੇ ਗੁਰਜੀਤ ਸਿੰਘ, ਪਿੰਡ ਭੁੱਲਰ ਦੇ ਪ੍ਰਕਾਸ਼ ਸਿੰਘ (50), ਬਲਵਿੰਦਰ ਸਿੰਘ (60) ਅਤੇ ਵੱਸਣ ਸਿੰਘ (45), ਪਿੰਡ ਕੱਲ੍ਹਾ ਦੇ ਸੋਨੂੰ, ਪਿੰਡ ਜਵੰਦਾ ਦੇ ਨਿਰਵੈਲ ਸਿੰਘ, ਅਲਾਵਲਪੁਰ ਦੇ ਕਰਤਾਰ ਸਿੰਘ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਹ ਸਾਰੀਆਂ ਮੌਤਾਂ 2 ਦਿਨਾਂ ਦੇ ਦਰਮਿਆਨ ਹੋਈਆਂ ਹਨ, ਜਦਕਿ ਇਕ ਦਰਜਨ ਦੇ ਕਰੀਬ ਲੋਕ ਹਸਪਤਾਲ 'ਚ ਜੇਰੇ ਇਲਾਜ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਥਾਣਾ ਸਦਰ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਇਕ ਮ੍ਰਿਤਕ ਦੇ ਰਿਸ਼ਤੇਦਾਰ ਗੁਰਦਰਸ਼ਨ ਸਿੰਘ ਦੇ ਬਿਆਨਾਂ 'ਤੇ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਅੰਗਰੇਜ਼ ਸਿੰਘ ਪੁੱਤਰ ਧੰਨਾ ਸਿੰਘ ਨਿਵਾਸੀ ਪੰਡੋਰੀ ਗੋਲਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਬਟਾਲਾ ਦੇ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਕਿਹਾ ਕਿ ਹਾਥੀ ਗੇਟ ਖੇਤਰ 'ਚ ਕੁੱਝ ਮੌਤਾਂ ਹੋਈਆਂ ਹਨ ਪਰ ਮੌਤਾਂ ਦੇ ਅਸਲ ਕਾਰਣਾਂ ਦਾ ਪੋਸਟਮਾਰਟਮ ਰਿਪੋਰਟ ਆਉਂਣ ਤੋਂ ਬਾਅਦ ਹੀ ਪਤਾ ਲੱਗੇਗਾ। ਕੁੱਝ ਵਿਅਕਤੀਆਂ ਦੀ ਮੌਤ ਦਾ ਕਾਰਣ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ।
'ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹਰ ਮੌਤ ਦਾ ਕੈਪਟਨ ਸਰਕਾਰ ਤੋਂ ਲਿਆ ਜਾਵੇਗਾ ਹਿਸਾਬ'
NEXT STORY