ਹੁਸ਼ਿਆਰਪੁਰ (ਰਾਕੇਸ਼) : ਜ਼ਿਲਾ ਟ੍ਰੈਫਿਕ ਪੁਲਸ ਇੰਚਾਰਜ ਸੁਰਿੰਦਰ ਕੁਮਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਸਪੱਸ਼ਟ ਨਿਰਦੇਸ਼ ਹਨ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਹਰ ਹਾਲ ’ਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਵੱਲੋਂ ਆਪਣੇ ਮੋਟਰਸਾਈਕਲ ਨੂੰ ਮੋਡੀਫਾਈ ਕਰਵਾਏ ਜਾਣ ਕਾਰਨ ਉਸ ਦਾ ਚਲਾਨ ਕੱਟਿਆ ਗਿਆ ਅਤੇ ਇਕ ਬਾਈਕ ਚਾਲਕ ਨੇ ਆਪਣੇ ਬਾਈਕ ਦੇ ਹੈਂਡਲ ’ਤੇ ਹੀ ਭਾਰੀ ਸਾਮਾਨ ਰੱਖਿਆ ਹੋਇਆ ਸੀ, ਜਿਸ ਨਾਲ ਪਿੱਛੇ ਦੀ ਤਰਫ਼ ਦੇਖਣਾ ਵੀ ਅਗਲੇ ਵਾਹਨ ਚਾਲਕ ਲਈ ਮੁਸ਼ਕਿਲ ਹੋ ਰਿਹਾ ਸੀ।
ਉਨ੍ਹਾਂ ਕਿਹਾ ਕਿ ਕੰਪਨੀ ਵਾਹਨ ’ਚ ਜੋ ਚੀਜ਼ ਲਗਾ ਕੇ ਦਿੰਦੀ ਹੈ, ਉਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕੀਤੀ ਜਾਵੇ। ਇਸੇ ਤਰ੍ਹਾਂ ਕਈ ਵਾਹਨ ਚਾਲਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਵਾਲੇ ਹਾਰਨ ਲਗਾਏ ਹੋਏ ਹਨ ਜੋ ਕਿ ਜਨਤਾ ’ਚ ਡਰ ਪੈਦਾ ਕਰਦੇ ਹਨ, ਜਿਸ ਨਾਲ ਸੁਣਨ ਵਾਲੇ ਦੇ ਦੁਰਘਟਨਾਗ੍ਰਸਤ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਭ ਦਾ ਆਪਣਾ ਨੈਤਿਕ ਫਰਜ਼ ਹੈ ਅਤੇ ਸਾਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਆਪਣੇ ਨਾਕਿਆਂ ਨੂੰ ਹੋਰ ਵਧਾ ਦਿੱਤਾ ਹੈ ਅਤੇ ਕਿਸੇ ਵੀ ਕੀਮਤ ’ਤੇ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਨਾਲ ਛੇੜਛਾੜ ਕਰਨ ਦਾ ਮੌਕਾ ਪ੍ਰਦਾਨ ਨਹੀਂ ਕੀਤਾ ਜਾਵੇਗਾ।
ਨੌਜਵਾਨਾਂ ਨੇ ਨਸ਼ੇ ਦਾ ਟੀਕਾ ਲਾ ਕੇ ਮਾਰ'ਤਾ ਮੁੰਡਾ! ਮਾਪਿਆਂ ਦੀਆਂ ਬਾਹਾਂ 'ਚ ਦਮ ਤੋੜ ਗਿਆ ਪੁੱਤ
NEXT STORY