ਲੁਧਿਆਣਾ (ਸੁਰਿੰਦਰ ਸੰਨੀ): ਲੁਧਿਆਣਾ ਸ਼ਹਿਰ ਵਿਚ ਸੜਕਾਂ 'ਤੇ ਸਟੰਟਬਾਜ਼ੀ ਕਰ ਰਹੇ ਦੋ ਬਾਈਕਰਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਟ੍ਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਦੀਪਕ ਸ਼ਰਮਾ ਦੀ ਡਿਊਟੀ ਲਗਾਈ ਗਈ ਸੀ। ਦੀਪਕ ਸ਼ਰਮਾ ਨੇ ਬਾਈਕ ਦੇ ਰਜਿਸਟਰਡ ਪਤੇ ਦੇ ਆਧਾਰ 'ਤੇ ਦੋਵਾਂ ਨੌਜਵਾਨਾਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਖ਼ਤਰਨਾਕ ਡਰਾਈਵਿੰਗ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਦੇ ਜੁਰਮ ਵਿਚ ਚਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਅਤ ਸਫ਼ਰ ਲਈ ਹੈ ਨਾ ਕਿ ਸਟੰਟਬਾਜ਼ੀ ਕਰਨ ਲਈ।

ਪੁਲਸ ਮੁਤਾਬਕ ਉਕਤ ਨੌਜਵਾਨ ਸੜਕਾਂ 'ਤੇ ਸਟੰਟਬਾਜ਼ੀ ਕਰਕੇ ਆਪਣੀ ਅਤੇ ਸੜਕ 'ਤੇ ਚੱਲ ਰਹੇ ਹੋਰ ਵਾਹਨ ਚਾਲਕਾਂ ਦੀ ਜਾਨ ਖ਼ਤਰੇ ਵਿਚ ਪਾ ਰਹੇ ਸਨ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਲੋਕ ਸੜਕਾਂ 'ਤੇ ਸਟੰਟਬਾਜ਼ੀ ਕਰਨ ਤੋਂ ਪਰਹੇਜ਼ ਕਰਨ, ਨਹੀਂ ਤਾਂ ਟ੍ਰੈਫਿਕ ਪੁਲਸ ਵੱਲੋਂ ਅਜਿਹੀ ਸਖ਼ਤ ਕਾਰਵਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ।

ਪੰਜਾਬ 'ਚ ਚੋਣਾਂ ਦੌਰਾਨ ਤਣਾਅਪੂਰਨ ਹੋਇਆ ਮਾਹੌਲ, ਪੁਲਸ ਵਾਲੇ ਨੇ ਚੱਕ ਲਈ ਬੰਦੂਕ (ਵੀਡੀਓ)
NEXT STORY