ਜ਼ੀਰਾ ( ਗੁਰਮੇਲ ਸੇਖਵਾਂ ,ਰਾਜੇਸ਼ ਢੰਡ) - ਖ਼ੇਤਾਂ ਵਿਚ ਲੱਗੇ ਇੱਕ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਠੀਕ ਕਰਨ ਸਮੇਂ ਕਰੰਟ ਆ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਸਨ੍ਹੇਰ ਨੇ ਦੱਸਿਆ ਕਿ ਪਿੰਡ ਸੇਖ਼ਵਾਂ ਨਿਵਾਸੀ ਕਰਮਜੀਤ ਸਿੰਘ ਪੁੱਤਰ ਅਤਰ ਸਿੰਘ ਆਪਣੇ ਖ਼ੇਤਾਂ ਨੂੰ ਸ਼ਾਮ 4 ਵਜੇ ਦੇ ਕਰੀਬ ਪਾਣੀ ਲਗਾਉਣ ਲਈ ਗਿਆ ਸੀ ਕਿ ਅਚਾਨਕ ਬਿਜਲੀ ਦਾ ਫਿਊਜ਼ ਉੱਡ ਗਿਆ। ਉਹ ਬਿਜਲੀ ਕੱਟ ਕਰਕੇ ਟਰਾਂਸਫਾਰਮਰ ਉੱਪਰ ਬਿਜਲੀ ਠੀਕ ਕਰਨ ਲਈ ਗਿਆ ਹੀ ਸੀ ਕਿ ਸਵਿੱਚ ਖ਼ਰਾਬ ਹੋਣ ਕਾਰਨ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਕਰਮਜੀਤ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਕਰਮਜੀਤ ਸਿੰਘ ਦੇ ਪਿਤਾ ਅਤਰ ਸਿੰਘ ਨੇ ਦੱਸਿਆ ਕਿ ਸਵਿੱਚ ਦੀ ਖ਼ਰਾਬੀ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਪਰ ਬਿਜਲੀ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਕਰਮਜੀਤ ਸਿੰਘ ਮੌਤ ਦੇ ਮੂੰਹ ਵਿਚ ਚਲਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ, ਇਕਾਈ ਪ੍ਰਧਾਨ ਨੈਬ ਸਿੰਘ, ਸਾਧੂ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਸੈਕਟਰੀ, ਵੀਰ ਸਿੰਘ ਸੇਖ਼ਵਾਂ ਖਜ਼ਾਨਚੀ, ਹਰਪਿੰਦਰ ਸਿੰਘ, ਜੁਗਰਾਜ ਸਿੰਘ, ਦਵਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਅਣਗਹਿਲੀ ਵਰਤਣ ਵਾਲੇ ਬਿਜਲੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਿਚ ਇੱਕ ਛੋਟਾ ਬੱਚਾ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਘਰ ਵਿਚ ਇਕੱਲੇ ਰਹਿ ਗਏ, ਜਿਨ੍ਹਾਂ ਦਾ ਪਾਲਣ ਪੋਸ਼ਣ ਮ੍ਰਿਤਕ ਕਰਮਜੀਤ ਸਿੰਘ ਸਹਾਰੇ ਚੱਲਦਾ ਸੀ।
ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਨਾਲ ਸਬੰਧਤ ਗ੍ਰਿਫ਼ਤਾਰ 2 ਨੌਜਵਾਨਾਂ ਦੇ ਪਿੰਡ ਪਹੁੰਚਣ ਦੀ ਬੱਝੀ ਆਸ
NEXT STORY