ਬਠਿੰਡਾ(ਵਰਮਾ)-ਕੋਲਾ ਖਾਨਾਂ 'ਤੇ ਜਿਸ ਤਰ੍ਹਾਂ ਮਾਫੀਆ ਦਾ ਦਬਦਬਾ ਹੋਣ ਕਾਰਨ ਕੋਲਾ ਵਪਾਰ ਪ੍ਰਭਾਵਿਤ ਹੈ, ਉਸੇ ਤਰ੍ਹਾਂ ਬਠਿੰਡਾ ਦਾ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਟਰਾਂਸਪੋਰਟ ਮਾਫੀਆ ਦੀ ਲਪੇਟ ਵਿਚ ਹੈ। 2000 ਤੋਂ ਜ਼ਿਆਦਾ ਏਕੜ ਵਿਚ ਫੈਲੇ ਤੇਲ ਸੋਧਕ ਕਾਰਖਾਨੇ 'ਤੇ ਹਿੰਦੋਸਤਾਨ ਪੈਟਰੋਲੀਅਮ ਤੇ ਲਕਸ਼ਮੀ ਨਾਰਾਇਣ ਮਿੱਤਲ ਦਾ 18 ਹਜ਼ਾਰ ਕਰੋੜ ਰੁਪਏ ਲੱਗ ਚੁੱਕਾ ਹੈ ਜਦਕਿ 22 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ-ਕੈਮੀਕਲ ਦੀ ਸਥਾਪਨਾ ਕਰਨ ਦੀ ਯੋਜਨਾ ਹੈ। ਪਿਛਲੇ 3 ਸਾਲਾਂ ਤੋਂ ਰਿਫਾਈਨਰੀ ਅੰਦਰ ਜਾਣ ਵਾਲੇ ਟਰਾਂਸਪੋਰਟ ਮਾਫੀਆ ਗੁੰਡਾ ਟੈਕਸ ਦੇ ਨਾਂ 'ਤੇ ਇਕ ਵੱਡੀ ਰਕਮ ਵਸੂਲ ਰਿਹਾ ਹੈ। ਰਿਫਾਈਨਰੀ ਅੰਦਰ ਜਾਣ ਵਾਲੇ ਰੇਤਾ, ਬੱਜਰੀ ਦੀ ਡੇਢ ਗੁਣਾ ਕੀਮਤ ਵਸੂਲ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਟਰੱਕ ਨੂੰ ਬਾਹਰ ਬੈਠੇ ਮਾਫੀਆ ਲੋਕ ਅੰਦਰ ਨਹੀ ਆਉਣ ਦਿੰਦੇ। ਜੇਕਰ ਕੋਈ ਚਲਾ ਵੀ ਜਾਵੇ ਤਾਂ ਉਸ ਟਰੱਕ ਨੂੰ ਫੜ ਕੇ ਪਹਿਲਾਂ ਉਸ ਨਾਲ ਕੁੱਟ-ਮਾਰ ਕਰਦੇ ਹਨ ਫਿਰ ਉਸ ਕੋਲੋਂ ਹਜ਼ਾਰਾਂ ਰੁਪਏ ਵਸੂਲ ਕੇ ਛੱਡਦੇ ਹਨ। ਅਜਿਹੇ ਕਈ ਮਾਮਲੇ ਪੁਲਸ ਸਾਹਮਣੇ ਵੀ ਆ ਚੁੱਕੇ ਹਨ ਅਤੇ ਕਾਰਵਾਈ ਵੀ ਹੋਈ ਪਰ ਗੁੰਡਾ ਟੈਕਸ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੰਪਨੀ ਅਧਿਕਾਰੀਆਂ ਨੇ ਇਸ ਸਬੰਧੀ ਕਈ ਵਾਰ ਸਰਕਾਰ ਨੂੰ ਜਾਣੂ ਵੀ ਕਰਵਾਇਆ ਪਰ ਸੱਤਾਧਾਰੀ ਪਾਰਟੀ ਦੇ ਆਗੂ ਹੀ ਮਾਫੀਆ ਰੈਕੇਟ ਨੂੰ ਚਲਾ ਰਹੇ ਹਨ। ਹੁਣ ਜਦਕਿ ਰਿਫਾਈਨਰੀ ਦੀ ਐਕਸਪੈਂਸ਼ਨ ਹੋ ਰਹੀ ਹੈ ਅਤੇ 22 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੈਟਰੋ-ਕੈਮੀਕਲ ਲਾਇਆ ਜਾ ਰਿਹਾ ਹੈ, ਜਿਸ ਲਈ ਉਸਾਰੀ ਦਾ ਕੰਮ ਵੀ ਜ਼ੋਰਾਂ 'ਤੇ ਹੈ। ਸਵਾਲ ਫਿਰ ਉਹੀ ਕਿ ਬਾਹਰ ਬੈਠੇ ਮਾਫੀਆ ਦੇ ਲੋਕ ਰੇਤ, ਬੱਜਰੀ, ਸੀਮੈਂਟ ਦੇ ਟਰੱਕਾਂ 'ਤੇ ਗੁੰਡਾ ਟੈਕਸ ਲੈ ਰਹੇ ਹਨ, ਜਿਸ ਕਾਰਨ ਉਸਾਰੀ ਕੰਮ ਵਿਚ ਵਾਧਾ ਸੰਭਵ ਹੈ ਤੇ ਲਾਗਤ ਕਈ ਗੁਣਾ ਵਧਣ ਦੇ ਆਸਾਰ ਹਨ। ਮਾਫੀਆ ਨੂੰ ਦੇਖਦਿਆਂ ਕੰਪਨੀਆਂ ਰਿਫਾਈਨਰੀ ਵਿਚ ਟੈਂਡਰ ਲੈਣ ਤੋਂ ਆਪਣੇ ਹੱਥ ਖਿੱਚ ਲਏ ਕਿਉਂਕਿ ਇੰਨੇ ਵੱਡੇ ਪ੍ਰਾਜੈਕਟ ਲਈ ਹਜ਼ਾਰਾਂ ਦੀ ਗਿਣਤੀ ਵਿਚ ਟਰਾਂਸਪੋਰਟ ਦੀ ਜ਼ਰੂਰਤ ਪਵੇਗੀ। ਬਾਹਰ ਤੋਂ ਕੋਈ ਵੀ ਸਾਮਾਨ ਲੈ ਕੇ ਆਉਣ ਵਾਲੇ ਟਰੱਕਾਂ ਤੋਂ ਜਦੋਂ ਤੱਕ ਗੁੰਡਾ ਟੈਕਸ ਬੰਦ ਨਹੀਂ ਹੁੰਦਾ ਉਦੋਂ ਤੱਕ ਕੰਪਨੀ ਨੇ ਇਸ ਵਿਚ ਦਿਲਚਸਪੀ ਲੈਣੀ ਬੰਦ ਕਰ ਦਿੱਤੀ।
ਮੁੱਖ ਮੰਤਰੀ ਦੀ ਕੋਸ਼ਿਸ਼ ਨਾਲ ਪੈਟਰੋ-ਪ੍ਰਾਜੈਕਟ ਬਠਿੰਡਾ ਵਿਚ ਲੱਗੇਗਾ
ਐੱਸ. ਐੱਮ. ਈ. ਐੱਲ. (ਹਿੰਦੋਸਤਾਨ ਮਿੱਤਲ ਐਨਰਜੀ ਲਿਮ.) ਦੇ ਅਧਿਕਾਰੀ ਮਾਫੀਆ ਤੋਂ ਬੁਰੀ ਤਰ੍ਹਾਂ ਦੁਖੀ ਹਨ। ਇਸ ਸਬੰਧੀ ਜਾਣਕਾਰੀ ਲਸ਼ਮੀ ਨਾਰਾਇਣ ਮਿੱਤਲ ਨੂੰ ਵੀ ਦਿੱਤੀ ਜਾ ਚੁੱਕੀ ਸੀ ਅਤੇ ਉਨ੍ਹਾਂ ਨੇ ਪੈਟਰੋ-ਕੈਮੀਕਲ ਪਰਿਯੋਜਨਾ ਤੋਂ ਆਪਣਾ ਹੱਥ ਖਿੱਚ ਲਿਆ ਸੀ। ਮਿੱਤਲ ਇਸ ਪ੍ਰਾਜੈਕਟ ਨੂੰ ਬਠਿੰਡਾ ਤੋਂ ਬਦਲ ਕੇ ਗੋਆ ਵਿਚ ਲਿਜਾਣ ਦਾ ਇੱਛੁਕ ਸੀ, ਇਸ ਸਬੰਧ ਵਿਚ ਉਨ੍ਹਾਂ ਦੀ ਗੋਆ ਦੇ ਮੁੱਖ ਮੰਤਰੀ ਪਾਰਿਕਰ ਨਾਲ ਵੀ ਗੱਲਬਾਤ ਹੋਈ ਸੀ। ਇਸ ਦੀ ਭਿਣਕ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗੀ ਤਾਂ ਉਨ੍ਹਾਂ ਨੇ ਮਿੱਤਲ ਨਾਲ 12 ਸਤੰਬਰ 2017 ਨੂੰ ਲੰਦਨ ਵਿਚ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਵਿਕਲਪ ਦੇ ਰੂਪ ਵਿਚ ਪੈਟਰੋ-ਕੈਮੀਕਲ ਪ੍ਰਾਜੈਕਟ ਨੂੰ ਸੰਗਰੂਰ ਵਿਚ ਵੀ ਲਾਉਣ 'ਤੇ ਵਿਚਾਰ-ਵਟਾਂਦਰਾ ਹੋਇਆ ਸੀ ਪਰ ਮਿੱਤਲ ਨੇ ਕੈਪਟਨ ਦੇ ਕਹਿਣ 'ਤੇ ਬਠਿੰਡਾ 'ਚ ਲਾਉਣ ਦੀ ਗੱਲ ਮੰਨ ਲਈ ਸੀ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਟਰੱਕ ਯੂਨੀਅਨ ਨੂੰ ਭੰਗ ਕਰਨ ਦਾ ਫੈਸਲਾ ਲਿਆ। ਇਹ ਫੈਸਲਾ ਕਾਗਜ਼ਾਂ ਤੱਕ ਹੀ ਸੀਮਤ ਹੈ ਜਦਕਿ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਪੰਜਾਬ ਦੀਆਂ ਸਾਰੀਆਂ ਯੂਨੀਅਨਾਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਹਨ।
ਸੂਬੇ ਦਾ ਖਜ਼ਾਨਾ ਹੋਵੇਗਾ ਲਬਾਲਬ
ਤੇਲ ਸੋਧਕ ਕਾਰਖਾਨੇ ਨਾਲ ਸੂਬਾ ਸਰਕਾਰ ਨੂੰ ਟੈਕਸ ਦੇ ਰੂਪ ਵਿਚ 1200 ਕਰੋੜ ਰੁਪਏ ਹਰ ਸਾਲ ਆਮਦਨ ਹੋ ਰਹੀ ਹੈ ਤੇ ਪੈਟਰੋ-ਕੈਮੀਕਲ ਲੱਗਣ ਨਾਲ ਇਹ ਆਮਦਨ ਵੱਧ ਕੇ ਦੁੱਗਣੀ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਪੰਜਾਬ ਸਰਕਾਰ ਦਾ ਖਜ਼ਾਨਾ ਲਬਾਲਬ ਹੋਵੇਗਾ ਜਦਕਿ ਪੈਟਰੋ-ਕੈਮੀਕਲ ਨਾਲ ਸਹਾਇਕ ਉਦਯੋਗ ਵੀ ਵੱਡੀ ਗਿਣਤੀ ਵਿਚ ਲੱਗੇਗਾ, ਜਿਸ ਨਾਲ ਸਰਕਾਰ ਨੂੰ ਹੋਰ ਜ਼ਿਆਦਾ ਆਮਦਨ ਹੋਵੇਗੀ। ਪੰਜਾਬ ਸਰਕਾਰ ਕਿਸੇ ਵੀ ਕੀਮਤ 'ਤੇ ਇਸ ਯੋਜਨਾ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ, ਇਸ ਲਈ ਕੈਪਟਨ ਸਰਕਾਰ ਨੇ ਹਿੰਦੋਸਤਾਨ ਪੈਟਰੋਲੀਅਮ ਤੇ ਲਸ਼ਮੀ ਨਾਰਾਇਣ ਮਿੱਤਲ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ।
ਰੁਜ਼ਗਾਰ ਦੇ ਪ੍ਰਾਪਤ ਸਾਧਨ ਹੋਣਗੇ
ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਿਆ। ਹੁਣ ਪੈਟਰੋ-ਕੈਮੀਕਲ ਲੱਗਣ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਸਿੱਧੇ-ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ। 44 ਮਹੀਨਿਆਂ ਵਿਚ ਪੈਟਰੋ-ਕੈਮੀਕਲ ਕੰਪਲੀਟ ਹੋਣ ਦਾ ਕਰਾਰ ਹੈ। ਰਿਫਾਈਨਰੀ ਨਾਲ 250 ਕਰੋੜ ਜ਼ਮੀਨ ਖਰੀਦੀ ਗਈ ਹੈ, ਜਿਸ 'ਤੇ ਕਈ ਤਰ੍ਹਾਂ ਦੀਆਂ ਨਵੀਆਂ ਵਰਕਸ਼ਾਪਾਂ ਸਥਾਪਤ ਕੀਤੀਆਂ ਜਾਣਗੀਆਂ ਤੇ ਤਕਨੀਕੀ ਤੌਰ 'ਤੇ ਟਰੇਂਡ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਕ ਅਨੁਮਾਨ ਅਨੁਸਾਰ 4 ਸਾਲ ਪੈਟਰੋ-ਕੈਮੀਕਲ ਦੀ ਉਸਾਰੀ ਸਮੇਂ 15 ਹਜ਼ਾਰ ਲੋਕ ਦਿਨ-ਰਾਤ ਕੰਮ ਕਰਨਗੇ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਈ. ਆਈ. ਐੱਲ. ਰਿਫਾਈਨਰੀ ਦੇ ਨਾਲ 100 ਏਕੜ ਜ਼ਮੀਨ ਲੀਜ਼ 'ਤੇ ਲੈ ਕੇ ਆਪਣੀ ਵਰਕਸ਼ਾਪ ਬਣਾਵੇਗੀ, ਜਿਸ ਵਿਚ ਪੈਟਰੋ- ਕੈਮੀਕਲ ਵਿਚ ਲੱਗਣ ਵਾਲੇ ਸਾਰੇ ਉਪਕਰਨ ਬਠਿੰਡਾ ਵਿਚ ਹੀ ਤਿਆਰ ਹੋਣਗੇ। ਇਸ ਤੋਂ ਪਹਿਲਾਂ ਸਾਰੇ ਉਪਕਰਨ ਵਿਦੇਸ਼ ਆਉਂਦੇ ਸੀ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਕੰਪਨੀ ਸਾਰੇ ਉਪਕਰਨ ਰਿਫਾਈਨਰੀ ਵਿਚ ਹੀ ਬਣਾਇਆ ਕਰੇਗੀ। ਅਜਿਹੇ ਵਿਚ ਟਰਾਂਸਪੋਰਟ ਦੀ ਬੱਚਤ ਦੇ ਨਾਲ ਵਿਦੇਸ਼ੀ ਮੁਦਰਾ ਦੀ ਵੀ ਬੱਚਤ ਹੋਵੇਗੀ।
ਅਣਪਛਾਤੇ ਵਾਹਨ ਦੀ ਫੇਟ ਨਾਲ ਸਾਈਕਲ ਸਵਾਰ ਦੀ ਮੌਤ
NEXT STORY