ਪਟਿਆਲਾ (ਜ. ਬ.) : ਗਿੱਦੜਬਾਹਾ ਹਲਕੇ ਦੇ ਅਕਾਲੀ ਆਗੂ ਡਿੰਪੀ ਢਿੱਲੋਂ ਦੀਆਂ ਬੱਸਾਂ ਦੇ 72 ਪਰਮਿਟ ਰੱਦ ਕਰਨ ਤੋਂ ਟਰਾਂਸਪੋਰਟਰ ਭੜਕ ਉੱਠੇ ਹਨ। ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਹਫਤੇ ਦੇ ਅੰਦਰ-ਅੰਦਰ ਪਰਮਿਟ ਬਹਾਲ ਕਰਨ ਜਾਂ ਫਿਰ ਹਰ ਥਾਂ ਘਿਰਾਓ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪਟਿਆਲਾ ਮੀਡੀਆ ਕਲੱਬ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਜਨਰਲ ਸਕੱਤਰ ਬਲਜਰਿੰਦਰ ਸਿੰਘ ਬੱਬੂ ਭਾਦਸੋਂ, ਪ੍ਰੈੱਸ ਸਕੱਤਰ ਰਾਣਾ ਪੰਜੇਟਾ, ਪਾਲ ਸਿੰਘ ਕੁਲੇਮਾਜਰਾ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਫਤਿਹਗੜ੍ਹ ਸਾਹਿਬ, ਜਿੰਮੀ ਫਰੀਦਕੋਟ, ਮਿੰਟੂ, ਲਖਬੀਰ ਸਿੰਘ ਸਹੋਤਾ, ਰਣਜੀਤ ਸਿੰਘ ਡਡੋਆ ਅਤੇ ਲਾਡੀ ਸਭੱਰਵਾਲ ਆਟੋ ਯੂਨੀਅਨ ਪਟਿਆਲਾ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ, ਜਦੋਂ ਕਿ ਕਾਂਗਰਸੀ ਆਗੂ ਅਵਤਾਰ ਹੈਨਰੀ ਜਿਨ੍ਹਾਂ ਵੱਲ 2 ਕਰੋੜ ਰੁਪਏ ਦਾ ਟੈਕਸ ਬਕਾਇਆ ਹੈ, ਕਿੱਕੀ ਢਿੱਲੋਂ ਜਿਨ੍ਹਾਂ ਵੱਲ 1 ਕਰੋੜ ਰੁਪਏ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਬੱਸਾਂ ਵੱਲ 13 ਲੱਖ ਰੁਪਏ ਟੈਕਸ ਬਕਾਇਆ ਹੈ, ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਸਿਰਫ਼ ਅਕਾਲੀ ਆਗੂਆਂ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਬਹੁਤ ਹੀ ਨਿੰਦਣਯੋਗ ਗੱਲ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਖੋਲ੍ਹਣ ਨਾਲ ਸਿੱਖ ਸੰਗਤ ’ਚ ਖੁਸ਼ੀ, ਖੇਤੀ ਕਾਨੂੰਨ ਵੀ ਰੱਦ ਕਰੇ ਕੇਂਦਰ ਸਰਕਾਰ : ਬੀਬੀ ਜਗੀਰ ਕੌਰ
ਉਕਤ ਆਗੂਆਂ ਨੇ ਕਿਹਾ ਕਿ ਡਿੰਪੀ ਢਿੱਲੋਂ ਸਮੇਤ ਹੋਰ ਟਰਾਂਸਪੋਰਟ ਆਪਣਾ ਟੈਕਸ ਨਿਯਮਿਤ ਰੂਪ ’ਚ ਜਮ੍ਹਾਂ ਕਰਵਾ ਰਹੇ ਸਨ ਪਰ ਕੋਰੋਨਾ ਸੰਕਟ ਕਾਰਨ ਇਹ ਟੈਕਸ ਟੁੱਟ ਗਿਆ। ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਹਿਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗਾਂ ਦੌਰਾਨ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਦੀ ਗੱਲ ਉੱਠੀ ਸੀ। ਸਰਕਾਰ ਨੇ ਭਰੋਸਾ ਦੁਆਇਆ ਸੀ ਕਿ ਟਰਾਂਸਪੋਰਟਰਾਂ ਨੂੰ ਕੋਰੋਨਾ ਸੰਕਟ ਦੇ ਮੱਦੇਨਜ਼ਰ ਰਾਹਤ ਦਿੱਤੀ ਜਾਵੇਗੀ ਪਰ ਇਹ ਰਾਹਤ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਪਹਿਲਾਂ ਹੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਟਰਾਂਸਪੋਰਟਰਾਂ ਖ਼ਿਲਾਫ਼ ਬਦਲਾਖੋਰੀ ਦੀ ਨੀਤੀ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਬੱਸ ਸੈਕਟਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੱਲ ਨੂੰ ਟਰੱਕ ਆਪਰੇਟਰਾਂ ਅਤੇ ਟੈਂਪੂ ਚਾਲਕਾਂ ਸਮੇਤ ਹੋਰ ਵਰਗਾਂ ਦਾ ਨੰਬਰ ਵੀ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਦੀ ਗਿਣਤੀ ’ਚ ਬੱਸਾਂ ਬੰਦ ਹੋਣ ਨਾਲ ਹਜ਼ਾਰਾਂ ਡਰਾਈਵਰ, ਕੰਡਕਟਰ ਅਤੇ ਹੋਰ ਕਾਮੇ ਬੇਰੋਜ਼ਗਾਰ ਹੋ ਰਹੇ ਹਨ, ਜਿਸ ਲਈ ਰਾਜਾ ਵੜਿੰਗ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਿ ਚੰਨੀ ਸਰਕਾਰ ਟਰੱਕ ਯੂਨੀਅਨ ਭੰਗ ਕਰਨ ਦੇ ਕੈਪਟਨ ਅਮਰਿੰਦਰ ਸਰਕਾਰ ਦੇ ਫੈਸਲੇ ਦੀ ਸਮੀਖਿਆ ਕਰੇ ਅਤੇ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਤਕਰੀਬਨ 5 ਸਾਲਾਂ ਵਿਚ 55 ਹਜ਼ਾਰ ਕੇ ਕਰੀਬ ਟਰੱਕ ਕਬਾੜ ’ਚ ਵਿਕ ਗਏ ਹਨ ਅਤੇ ਹਜ਼ਾਰਾਂ ਟਰੱਕ ਆਪ੍ਰੇਟਰ ਬੇਰੋਜ਼ਗਾਰ ਹੋ ਗਏ ਹਨ। ਇਸ ਫੈਸਲੇ ਦੀ ਤੁਰੰਤ ਸਮੀਖਿਆ ਕਰ ਕੇ ਟਰੱਕ ਯੂਨੀਅਨਾਂ ਬਹਾਲ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਆਪ੍ਰੇਟਰਾਂ ਨੂੰ ਆਪਣਾ ਰੋਜ਼ਗਾਰ ਮੁੜ ਵਾਪਸ ਮਿਲ ਸਕੇ।
ਇਹ ਵੀ ਪੜ੍ਹੋ : ਪ੍ਰਦੂਸ਼ਣ ਦੀ ਸਮੱਸਿਆ ਕੇਂਦਰ ਤੇ ਦਿੱਲੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਉੱਭਰੀ : ਮਨੀਸ਼ ਤਿਵਾੜੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬਸਪਾ ਤੋਂ ਨਾਰਾਜ਼ ਚੱਲ ਰਹੇ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ
NEXT STORY