ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਪੰਜਾਬ ਸਰਕਾਰ ਵਲੋਂ ਨਸ਼ਿਅਾਂ ਦੇ ਖਾਤਮੇ ਲਈ ਭਾਵੇਂ ਵੱਖ-ਵੱਖ ਵਿਭਾਗਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਮਹਿਜ਼ ਇਕ ਕਾਗਜ਼ੀ ਕਾਰਵਾਈ ਦਿਖਾਈ ਦਿੰਦੀ ਹੈ ਤੇ ਲੋਕਾਂ ਨਾਲ ਮੀਟਿੰਗਾਂ ਕਰਨ ਤਕ ਹੀ ਸੀਮਤ ਹੈ ਕਿਉਂਕਿ ਸਿਹਤ ਵਿਭਾਗ ਸ਼ਹਿਰ ਤੇ ਪਿੰਡਾਂ ਵਿਚ ਬੈਠੇ ਅਠਵੀਂ ਤੇ ਦਸਵੀਂ ਪਾਸ ਝੋਲਾਛਾਪ ਡਾਕਟਰਾਂ ਨੂੰ ਨਕੇਲ ਪਾਉਣ ਵਿਚ ਅਸਫਲ ਰਿਹਾ ਹੈ, ਜਿਸ ਦੇ ਸਿੱਟੇ ਵਜੋੋਂ ਮੈਡੀਕਲ ਨਸ਼ਾ ਕੁਝ ਇਨ੍ਹਾਂ ਝੋਲਾਛਾਪ ਡਾਕਟਰਾਂ ਦੀ ਬਦੌਲਤ ਵੀ ਪੈਰ ਪਸਾਰ ਰਿਹਾ ਹੈ।
®ਪੱਤਰਕਾਰਾਂ ਦੀ ਟੀਮ ਵਲੋਂ ਅੱਜ ਜਦੋਂ ਸ਼ਹਿਰ ਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਇਹ ਝੋਲਾਛਾਪ ਡਾਕਟਰ ਇਕ ਛੋਟੀ ਜਿਹੀ ਦੁਕਾਨ ਵਿਚ ਕਲੀਨਿਕ ਚਲਾ ਰਹੇ ਹਨ ਤੇ ਬਿਨਾਂ ਕਿਸੇ ਡਿਗਰੀ ਤੋਂ ਮਰੀਜ਼ਾਂ ਨੂੰ ਦਵਾਈ ਦੇਣ ਦੇ ਨਾਲ-ਨਾਲ ਟੀਕੇ ਤੇ ਗੁਲੂਕੋਜ਼ ਵੀ ਲਾ ਰਹੇ ਹਨ। ਕੁਝ ਡਾਕਟਰਾਂ ਨੇ ਆਪਣੀਆਂ ਬਰਾਂਚਾ ਖੋਲ੍ਹ ਕੇ ਉੱਥੇ ਛੋਟੇ ਬੱਚਿਆਂ ਨੂੰ ਪ੍ਰੈਕਟਿਸ ਕਰਨ ਲਈ ਰੱਖਿਆ ਹੋਇਆ ਹੈ ਤੇ ਉਹ ਵੀ ਮਰੀਜ਼ਾਂ ਨੂੰ ਦਵਾਈ ਦਿੰਦੇ ਦਿਖਾਈ ਦਿੱਤੇ। ਇੱਥੇ ਹੀ ਬਸ ਨਹੀਂ ਕੁਝ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ਵਿਚ ਹੀ ਕਲੀਨਿਕ ਚਲਾਇਆ ਜਾ ਰਿਹਾ ਹੈ ਤੇ ਕਈ ਝੋਲਾਛਾਪ ਡਾਕਟਰਾਂ ਨੇ ਦਾਖਿਲ ਕੀਤੇ ਮਰੀਜ਼ਾਂ ਦੇ ਮਨੋਰੰਜਨ ਲਈ ਮਿਊਜ਼ਕ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। 
ਝੋਲਾਛਾਪ ਡਾਕਟਰਾਂ ਵਲੋਂ ਜਿੱਥੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾਂਦਾ ਹੈ, ਉੱਥੇ ਹੀ ਵਰਤੀਆਂ ਹੋਈਆਂ ਸਰਿੰਜਾਂ ਨਸ਼ਟ ਕਰਨ ਦੀ ਬਜਾਏ ਬਾਹਰ ਸੁੱਟ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਰਤੀਆਂ ਹੋਈਆਂ ਸਰਿੰਜਾਂ ਨੂੰ ਕਈ ਨਸ਼ੇਡ਼ੀ ਆਪਣੇ ’ਤੇ ਵਰਤਣ ਲੱਗ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਕਈ ਘਾਤਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਕੁਝ ਝੋਲਾਛਾਪ ਡਾਕਟਰਾਂ ਨੇ ਆਪਣੇ ਸਟੋਰ ਵਿਚ ਇਨ੍ਹਾਂ ਸਰਿੰਜ਼ਾਂ ਨੂੰ ਵਰਤ ਕੇ ਇਸੇ ਤਰ੍ਹਾਂ ਹੀ ਰੱਖਿਆ ਹੋਇਆ ਸੀ ਤਾਂ ਕਿ ਇਨ੍ਹਾਂ ਦੀ ਦੁਬਾਰਾ ਵਰਤੋਂ ਕਿਸੇ ਹੋਰ ਮਰੀਜ਼ ’ਤੇ ਕੀਤੀ ਜਾ ਸਕੇ। ਇਨ੍ਹਾਂ ਸਭ ਕੁਝ ਹੋਣ ਦੇ ਬਾਅਦ ਵੀ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਮਾਛੀਵਾਡ਼ਾ ਦੇ ਇਕ ਪਿੰਡ ਵਿਚ ਸਰਕਾਰੀ ਡਿਸਪੈਂਸਰੀ ਬਣੀ ਹੋਈ ਹੈ, ਜਿੱਥੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਪਰ ਇਸਦੇ ਨਾਲ ਹੀ ਇਕ ਪ੍ਰਾਈਵੇਟ ਕਲੀਨਿਕ ਚੱਲ ਰਿਹਾ ਹੈ ਜਿੱਥੇ ਕਿ ਝੋਲਾਛਾਪ ਡਾਕਟਰ ਮਰੀਜ਼ਾਂ ਦਾ ਇਲਾਜ ਕਰਦਾ ਹੈ। ਸਿਹਤ ਵਿਭਾਗ ਵਲੋਂ ਭਾਵੇਂ ਪਿਛਲੇ ਸਮੇਂ ਦੌਰਾਨ ਚੈਕਿੰਗ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਵਲੋਂ ਕਦੇ ਵੀ ਕਿਸੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਕਹਿਣਾ ਹੈ ਸੀਨੀਅਰ ਮੈਡੀਕਲ ਅਫ਼ਸਰ ਦਾ
ਇਸ ਸਬੰਧੀ ਜਦੋਂ ਸਰਕਾਰੀ ਹਸਪਤਾਲ ਦੀ ਅੈੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਨ੍ਹਾਂ ਝੋਲਾਛਾਪ ਡਾਕਟਰਾਂ ਦੀ ਚੈਕਿੰਗ ਕਰਨਗੇ ਪਰ ਨਾਲ ਹੀ ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸਿਰਫ ਜਾਂਚ ਹੀ ਕਰ ਸਕਦੇ ਹਨ ਤੇ ਇਸਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਸਕਦੇ ਹਨ, ਕਾਰਵਾਈ ਕਰਨਾ ਤਾਂ ਉੱਚ ਅਧਿਕਾਰੀਆਂ ਦਾ ਕੰਮ ਹੈ।®
ਮਨੀਮਾਜਰਾ ’ਚ ਛੇਤੀ ਚਾਲੂ ਕੀਤੀ ਜਾਵੇਗੀ 24 ਘੰਟੇ ਪਾਣੀ ਦੀ ਸਪਲਾਈ
NEXT STORY