ਬਠਿੰਡਾ(ਜ. ਬ.)-ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ 'ਤੇ ਕਾਂਗਰਸ ਪਾਰਟੀ ਦੇ ਨਾਂ 'ਤੇ 'ਗੁੰਡਾ ਟੈਕਸ' ਇਕੱਤਰ ਕਰਨ ਦੇ ਦੋਸ਼ ਲੱਗੇ ਹਨ, ਜਿਸ ਵਿਰੁੱਧ ਆਪ੍ਰੇਟਰਾਂ ਨੇ ਅੱਜ ਥਾਣੇ ਸਾਹਮਣੇ ਨਾਅਰੇਬਾਜ਼ੀ ਵੀ ਕੀਤੀ। ਜਦਕਿ ਪ੍ਰਧਾਨ ਦਾ ਕਹਿਣਾ ਹੈ ਕਿ ਇਕ ਆਪ੍ਰੇਟਰ ਨੇ ਉਸ ਨੂੰ ਅਪਸ਼ਬਦ ਬੋਲੇ ਤੇ ਯੂਨੀਅਨ ਦਾ ਰਿਕਾਰਡ ਪਾੜਿਆ, ਜਿਸ ਵਿਰੁੱਧ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਕੀ ਹੈ ਮਾਮਲਾ
ਆਪ੍ਰੇਟਰ ਮੁਨੀਸ਼ ਜੋਸ਼ੀ ਅਨੁਸਾਰ ਕੈਪਟਨ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਹਨ ਪਰ ਫਿਰ ਵੀ ਯੂਨੀਅਨ ਦਾ ਆਪੇ ਬਣਿਆ ਪ੍ਰਧਾਨ ਹਰਪਾਲ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਨਾਂ 'ਤੇ ਮੋਟੀ ਕਮਾਈ ਕਰ ਰਿਹਾ ਹੈ। ਹਰੇਕ ਆਪ੍ਰੇਟਰ ਤੋਂ 1000 ਰੁਪਏ ਦਾ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਪਾਰਟੀ ਫੰਡ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੁਣ ਝੋਨੇ ਦੀ ਢੋਆ-ਢੁਆਈ ਦੇ ਕਰੀਬ 3.80 ਲੱਖ ਰੁਪਏ ਆਏ ਸਨ, ਜਿਨ੍ਹਾਂ 'ਤੇ ਟਰੱਕ ਆਪ੍ਰੇਟਰਾਂ ਦਾ ਹੱਕ ਹੈ ਪਰ ਬਾਜਵਾ ਇਸ 'ਚੋਂ 25 ਫੀਸਦੀ ਪੈਸੇ ਮੰਗ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਉਸ ਨੇ ਮੰਤਰੀ ਨੂੰ ਵਗਾਰ ਦੇਣੀ ਹੈ। ਇਸ ਵਰਤਾਰੇ ਦਾ ਵਿਰੋਧ ਇਕ 80 ਸਾਲਾ ਬਜ਼ੁਰਗ ਆਪ੍ਰੇਟਰ ਪ੍ਰਿਤਪਾਲ ਸ਼ਰਮਾ ਵੱਲੋਂ ਕੀਤਾ ਗਿਆ ਤਾਂ ਬਾਜਵਾ ਨੇ ਉਸ ਨੂੰ ਧੱਕੇ ਮਾਰੇ ਤੇ ਗਾਲ੍ਹਾਂ ਕੱਢੀਆਂ। ਮੁਨੀਸ਼ ਜੋਸ਼ੀ ਨੇ ਬਾਜਵਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੂੰ ਭੁੱਕੀ ਸਮੱਗਲਿੰਗ 'ਚ ਫਸਾਉਣ ਦੀ ਧਮਕੀ ਦਿੱਤੀ ਗਈ।
ਮੁਨੀਸ਼ ਜੋਸ਼ੀ ਨੇ ਕਿਹਾ ਕਿ ਉਕਤ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸ ਨੂੰ ਥਾਣਾ ਸਿਵਲ ਲਾਈਨ ਵਿਖੇ ਬੁਲਾਇਆ ਗਿਆ, ਜਿੱਥੇ ਯੂਨੀਅਨ ਦੇ ਕਰੀਬ 300 ਆਪ੍ਰੇਟਰ ਵੀ ਪਹੁੰਚ ਗਏ, ਜਿਨ੍ਹਾਂ ਵੱਲੋਂ ਬਾਜਵਾ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਅਤੇ ਕਿਸੇ ਕੁਰਬਾਨੀ ਤੋਂ ਵੀ ਪਿੱਛੇ ਨਹੀਂ ਹਟਣਗੇ।
ਹਰਪਾਲ ਬਾਜਵਾ ਕੋਲ ਇਕ ਵੀ ਟਰੱਕ ਨਹੀਂ
ਮੁਨੀਸ਼ ਜੋਸ਼ੀ ਨੇ ਦੱਸਿਆ ਕਿ ਹਰਪਾਲ ਸਿੰਘ ਬਾਜਵਾ ਕੋਲ ਇਕ ਵੀ ਟਰੱਕ ਨਹੀਂ ਪਰ ਕਾਂਗਰਸੀ ਆਗੂ ਹੋਣ ਦੇ ਨਾਤੇ ਹੀ ਉਹ ਜਬਰਨ ਯੂਨੀਅਨ ਦਾ ਪ੍ਰਧਾਨ ਬਣਿਆ ਬੈਠਾ ਹੈ। ਜ਼ਿਲਾ ਪ੍ਰਸ਼ਾਸਨ ਉਸ ਦੀ ਮਦਦ ਕਰਦਾ ਹੈ। ਇਸ ਲਈ ਕਿਸੇ ਆਪ੍ਰੇਟਰ ਦੀ ਹਿੰਮਤ ਵੀ ਨਹੀਂ ਕਿ ਉਸ ਖਿਲਾਫ ਬੋਲ ਸਕੇ। ਕੈਪਟਨ ਸਰਕਾਰ ਯੂਨੀਅਨਾਂ ਭੰਗ ਕਰ ਚੁੱਕੀ ਹੈ ਪਰ ਬਾਜਵਾ ਧੱਕੇ ਨਾਲ ਹੀ ਪ੍ਰਧਾਨ ਬਣਿਆ ਬੈਠਾ ਹੈ। ਕੀ ਇਸ ਤੋਂ ਸਪੱਸ਼ਟ ਨਹੀਂ ਕਿ ਪ੍ਰਸ਼ਾਸਨ ਇਸ ਦੀ ਸ਼ਰੇਆਮ ਮਦਦ ਕਰ ਰਿਹਾ ਹੈ।
ਕੀ ਕਹਿੰਦਾ ਹੈ ਹਰਪਾਲ ਬਾਜਵਾ
ਕਾਂਗਰਸੀ ਆਗੂ ਹਰਪਾਲ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਨਹੀਂ ਕੀਤੀਆਂ, ਸਗੋਂ ਆਪਣੇ ਅਧੀਨ ਕਰ ਲਈਆਂ ਹਨ, ਜਿਸ ਕਾਰਨ ਯੂਨੀਅਨਾਂ ਨੂੰ ਸੋਸਾਇਟੀਆਂ ਵਜੋਂ ਰਜਿਸਟਰਡ ਕਰਵਾਇਆ ਜਾ ਰਿਹਾ ਹੈ। ਇਹ ਯੂਨੀਅਨਾਂ ਸਾਰੇ ਪੰਜਾਬ ਵਿਚ ਹੀ ਚੱਲ ਰਹੀਆਂ ਹਨ। ਹਰੇਕ ਵਿਧਾਇਕ ਆਪਣੇ ਇਲਾਕੇ ਦੀ ਯੂਨੀਅਨ ਦੀ ਸਾਂਭ-ਸੰਭਾਲ ਦਾ ਜ਼ਿੰਮਾ ਕਿਸੇ ਪਾਰਟੀ ਵਰਕਰ ਨੂੰ ਲਾ ਦਿੰਦੇ ਹਨ ਤਾਂ ਕਿ ਆਪ੍ਰੇਟਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਲਾਇਆ ਗਿਆ ਹੈ। ਬਾਜਵਾ ਨੇ ਕਿਹਾ ਕਿ ਮੁਨੀਸ਼ ਗਰਗ ਨੇ ਉਸ ਨੂੰ ਅਪਸ਼ਬਦ ਬੋਲੇ ਅਤੇ ਰਿਕਾਰਡ ਪਾੜ ਦਿੱਤਾ।
ਗੁੰਡਾ ਟੈਕਸ ਮੰਗਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਗੁੰਡਾ ਟੈਕਸ ਮੰਗਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੂੰ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ 'ਚ ਵੀ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੁੱਢਲੀ ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ਵਾਲੀ ਧਿਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਫਿਰ ਭਾਵੇਂ ਉਹ ਕੋਈ ਵੀ ਹੋਵੇ।
ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਔਰਤ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
NEXT STORY