ਓਟਾਵਾ/ਅੰਮ੍ਰਿਤਸਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਪੀ. ਐਮ ਨਰਿੰਦਰ ਮੋਦੀ ਦੇ ਸੱਦੇ 'ਤੇ 17 ਤੋਂ 23 ਫਰਵਰੀ ਤੱਕ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ 18 ਤੋਂ 20 ਫਰਵਰੀ ਦੌਰਾਨ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਸੰਭਾਵਨਾ ਵੀ ਹੈ। ਜਿਸ ਸਬੰਧੀ ਕੁੱਝ ਦਿਨਾਂ ਤੱਕ ਤਰੀਕ ਨਿਰਧਾਰਤ ਹੋ ਸਕਦੀ ਹੈ। ਮੌਜੂਦਾ ਕੈਨੇਡੀਅਨ ਪ੍ਰਧਾਨ ਮੰੰਤਰੀ ਦੀ ਇਸ ਫੇਰੀ ਦੀਆਂ ਤਿਆਰੀਆਂ ਸਬੰਧੀ ਬੀਤੀ 17 ਦਸੰਬਰ ਨੂੰ ਕੈਨੇਡਾ ਸਰਕਾਰ ਦੇ ਪ੍ਰੋੋਟੋਕੋਲ, ਸੁਰੱਖਿਆ ਅਤੇ ਮੀਡੀਆ ਨਾਲ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਨਵੀਂ ਦਿੱਲੀ ਸਥਿਤੀ ਕੈਨੇਡੀਅਨ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਸਮੇਤ ਇਕ ਟੀਮ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸਦੀ ਪਹਿਲਾਂ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਨੂੰ ਬੱਜਰ ਗਲਤੀ ਤੇ ਨਾਇਨਸਾਫੀ ਦੱਸਦਿਆਂ ਹੋਇਆਂ ਰਸਮੀ ਤੌਰ ਉੱਤੇ ਇਸ ਘਟਨਾ ਲਈ ਮੁਆਫੀ ਮੰਗੀ ਸੀ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ ਵਿਚ 1914 ਵਿਚ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਸੱਚਮੁੱਚ ਇਸ ਘਟਨਾ ਲਈ ਕਾਫੀ ਦੁੱਖ ਹੈ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕਰੇਸ਼ੀਅਨ ਪਹਿਲੀ ਵਾਰ 25 ਅਕਤੂਬਰ 2003 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ ਅਤੇ ਕੈਨੇਡਾ ਦੇ ਇਕ ਹੋਰ ਪ੍ਰਧਾਨ ਮੰਤਰੀ ਸਟੀਫਨ ਹਾਰਪਰ 18 ਅਕਤੂਬਰ 2013 ਨੂੰ ਇੱਥੇ ਨਤਮਸਤਕ ਹੋਣ ਆਏ ਸਨ। ਹੁਣ ਜਸਟਿਨ ਟਰੂਡੋ ਇੱਥੇ ਦਰਸ਼ਨ ਕਰਨ ਲਈ ਆਉਣ ਵਾਲੇ ਤੀਜੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨਾਲ ਕੈਨੇਡਾ ਤੋਂ ਲੱਗਭਗ 150 ਮੈਂਬਰੀ ਇਕ ਉਚ ਪੱਧਰੀ ਵਫਦ ਵੀ ਦਰਸ਼ਨ ਕਰਨ ਆਏਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਰਹਜੀਤ ਸਿੰਘ ਸੱਜਣ ਅਤੇ ਕੈਨੇਡਾ ਦੇ ਇਕ ਹੋਰ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਵੀ ਇੱਥੇ ਨਤਮਸਤਕ ਹੋਣ ਲਈ ਆ ਚੁੱਕੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ, ਪ੍ਰਿੰਸ ਫਿਲਿਪ ਸਮੇਤ 14 ਅਕਤੂਬਰ 1997 ਨੂੰ ਇਸ ਪਾਵਨ ਅਸਥਾਨ ਵਿਖੇ ਦਰਸ਼ਨ ਕਰਨ ਪਹੁੰਚੇ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਹੇ ਡੈਵਿਡ ਕੈਮਰੂਨ 20 ਫਰਵਰੀ 2013 ਨੂੰ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਵੀ 13 ਜਨਵਰੀ 2008 ਨੂੰ ਇੱਥੇ ਦਰਸ਼ਨ ਕਰਨ ਆ ਚੁੱਕੇ ਹਨ। ਰਿਪਬਲਿਕ ਆਫ ਡੋਮੀਨੀਕਾ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ 22 ਫਰਵਰੀ 2016 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਉਥੇ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਸ੍ਰੀ ਅਸ਼ਰਫ ਗਨੀ, ਜੋ ਕਿ ਅੰਮ੍ਰਿਤਸਰ ਵਿਖੇ ਹੋਈ ਹਾਰਟ ਆਫ ਏਸ਼ੀਆ ਕਾਨਫਰੰਸ ਵਿਚ ਹਿੱਸਾ ਲੈਣ ਆਏ ਆਏ ਸਨ, ਉਹ ਵੀ 3 ਦਸੰਬਰ 2016 ਨੂੰ ਇੱਥੇ ਮੱਥਾ ਟੇਕਣ ਪਹੁੰਚੇ ਸਨ।
ਹਲਕੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ : ਵਿਧਾਇਕ
NEXT STORY