ਜਲੰਧਰ,(ਅਸ਼ਵਨੀ ਖੁਰਾਣਾ) : ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਆਮ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਵਧੀਆ ਵਰਤੋਂ ਕਰਨ ਤੇ ਉਸ ਨੂੰ ਆਪਣੇ ਹੱਕ 'ਚ ਭੁਗਤਾਉਣ 'ਚ ਲੱਗੀਆਂ ਹੋਈਆਂ ਹਨ। ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਤੋਂ ਸਿਆਸੀ ਆਗੂ ਬਣੇ ਤੇ ਹੁਣ ਪੰਜਾਬ ਸਰਕਾਰ 'ਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਫੇਸਬੁੱਕ ਤੇ ਟਵਿੱਟਰ 'ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਵੈਭਵ ਵਾਲੀਆ ਵਲੋਂ ਉਪਲਬਧ ਕਰਵਾਈ ਗਈ ਰਿਪੋਰਟ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਦਾ ਇਕ ਵੀਡੀਓ ਪਿਛਲੇ ਦਿਨੀਂ 2.32 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਕਰੀਬ 72 ਘੰਟੇ ਪਹਿਲਾਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਏਅਰਪੋਰਟ 'ਤੇ ਹੋਈ ਪ੍ਰੈੱਸ ਬ੍ਰੀਫਿੰਗ ਦਾ ਹੈ, ਜਿਸ ਨੂੰ ਨਵਜੋਤ ਸਿੱਧੂ ਦੇ ਆਫੀ²ਸ਼ੀਅਲ ਫੇਸਬੁੱਕ ਪੇਜ 'ਤੇ ਲਾਈਵ ਚਲਾਇਆ ਗਿਆ। 72 ਘੰਟਿਆਂ 'ਚ 2 ਕਰੋੜ 32 ਲੱਖ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਵਲੋਂ ਇਸ ਵੀਡੀਓ ਨੂੰ ਦੇਖ ਲਏ ਜਾਣ ਤੋਂ ਖੁਦ ਕਾਂਗਰਸ ਦਾ ਸੋਸ਼ਲ ਮੀਡੀਆ ਸੈੱਲ ਹੈਰਾਨ ਹੈ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਇਕ ਹੋਰ ਵੀਡੀਓ ਉਨ੍ਹਾਂ ਦੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ 11 ਅਪ੍ਰੈਲ ਦੀ ਸ਼ਾਮ ਪਾਇਆ ਗਿਆ, ਜੋ ਛੱਤੀਸਗੜ੍ਹ 'ਚ ਹੋਈ ਇਕ ਰੈਲੀ ਦੌਰਾਨ ਹੋਈ ਪ੍ਰੈੱਸ ਬ੍ਰੀਫਿੰਗ ਨੂੰ ਲੈ ਕੇ ਸੀ। ਇਸ ਨੂੰ ਵੀ 2 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸੋਸ਼ਲ ਮੀਡੀਆ ਇੰਚਾਰਜ ਅਨੁਸਾਰ ਨਵਜੋਤ ਸਿੱਧੂ ਦੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਪਿਛਲੇ 28 ਦਿਨਾਂ ਦਾ ਸਿੰਗਲ ਪਰਸਨ ਰੀਚ ਡਾਟਾ 3.61 ਕਰੋੜ ਲੋਕਾਂ ਦਾ ਹੋ ਚੁੱਕਾ ਹੈ, ਜੋ ਆਪਣੇ ਆਪ 'ਚ ਇਕ ਰਿਕਾਰਡ ਮੰਨਿਆ ਜਾ ਰਿਹਾ ਹੈ। ਵੈਭਵ ਵਾਲੀਆ ਨੇ ਦੱਸਿਆ ਕਿ ਜ਼ਿਆਦਾਤਰ ਸਿਆਸੀ ਆਗੂ ਸੋਸ਼ਲ ਮੀਡੀਆ 'ਤੇ ਪੇਡ ਤਰੀਕੇ ਨਾਲ ਪ੍ਰਚਾਰ 'ਚ ਲੱਗੇ ਹੋਏ ਹਨ ਪਰ ਨਵਜੋਤ ਸਿੱਧੂ ਦੀਆਂ ਇਹ ਪ੍ਰਾਪਤੀਆਂ 100 ਫੀਸਦੀ ਆਰਗੈਨਿਕ ਯਾਨੀ ਬਿਨਾਂ ਪੇਡ ਸ਼੍ਰੇਣੀ ਦੀਆਂ ਹਨ।
ਟਵਿਟਰ 'ਤੇ ਫਾਲੋਅਰਜ਼ ਅਮਰਿੰਦਰ ਤੋਂ ਵੀ ਜ਼ਿਆਦਾ
ਫੇਸਬੁੱਕ ਦੇ ਇਲਾਵਾ ਟਵਿਟਰ 'ਤੇ ਵੀ ਨਵਜੋਤ ਸਿੱਧੂ ਦੀ ਪੂਰੀ ਬੱਲੇ-ਬੱਲੇ ਹੈ। ਰਿਕਾਰਡ ਦੇ ਅਨੁਸਾਰ 9 ਨਵੰਬਰ, 2018 ਨੂੰ ਬਣੇ ਉਨ੍ਹਾਂ ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਇਸ ਸਮੇਂ 5.94 ਲੱਖ ਫਾਲੋਅਰਸ ਹੋ ਚੁੱਕੇ ਹਨ ਜਦਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟਵਿਟਰ ਅਕਾਊਂਟ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 5.19 ਲੱਖ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਟਵਿਟਰ 'ਤੇ 3.32 ਲੱਖ ਲੋਕ ਫਾਲੋ ਕਰਦੇ ਹਨ।
ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਲਈ ਕਰਾਂਗਾ ਪੂਰੀ ਮਿਹਨਤ : ਸਾਂਪਲਾ
NEXT STORY