ਜਲੰਧਰ, (ਪੁਨੀਤ)— ਇੰਪਰੂਵਮੈਂਟ ਟਰੱਸਟ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜਿਸ ਦੀ ਗਾਜ ਕਰਮਚਾਰੀਆਂ 'ਤੇ ਡਿੱਗਣੀ ਤੈਅ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੁਣ ਕਥਿਤ ਭ੍ਰਿਸ਼ਟ ਕਰਮਚਾਰੀਆਂ ਵਿਚ ਡਰ ਵੇਖਣ ਨੂੰ ਮਿਲ ਰਿਹਾ ਹੈ। ਚੀਫ ਵਿਜੀਲੈਂਸ ਆਫਿਸ ਪਹੁੰਚੀ ਇਕ ਸ਼ਿਕਾਇਤ ਵਿਚ ਸੂਰਿਆ ਇਨਕਲੇਵ ਦੇ ਦੋ ਪਲਾਟਾਂ ਦਾ ਜ਼ਿਕਰ ਕੀਤਾ ਗਿਆ ਜੋ 300 ਵਾਲੀ ਸੀਰੀਜ਼ ਨਾਲ ਸਬੰਧਤ ਹਨ। ਇਹ ਪਲਾਟ 8 ਮਰਲੇ ਦੇ ਦਿੱਤੇ ਜਾਣੇ ਸਨ ਪਰ ਸੈਟਿੰਗ ਨਾਲ 16 ਮਰਲੇ ਦੇ ਪਲਾਟ ਜਾਰੀ ਕਰ ਦਿੱਤੇ ਗਏ। ਭ੍ਰਿਸ਼ਟ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਉਕਤ ਫਾਈਲ ਨੂੰ ਅੱਗੇ ਤਾਂ ਭੇਜ ਦਿੱਤਾ ਗਿਆ ਪਰ ਆਡਿਟ ਵਿਚ ਇਹ ਫਾਈਲ ਫਸ ਗਈ, ਜਿਸ 'ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਹੋਣ ਨਾਲ ਕਈ ਕਰਮਚਾਰੀਆਂ 'ਤੇ ਗਾਜ ਡਿੱਗੇਗੀ। ਇਸ ਸਕੀਮ ਨੂੰ ਲੈ ਕੇ ਜਿੱਥੇ ਸ਼ਿਕਾਇਤ ਚੀਫ ਵਿਜੀਲੈਂਸ ਆਫਿਸ ਪਹੁੰਚੀ ਹੈ, ਉਥੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਸਣੇ ਚੀਫ ਸੈਕਰੇਟਰੀ ਪੰਜਾਬ ਤੱਕ ਵੀ ਇਸ ਮਾਮਲੇ ਨੂੰ ਭਿਜਵਾ ਦਿੱਤਾ ਗਿਆ ਹੈ।
ਫਾਈਲਾਂ ਲੱਭਣ 'ਚ ਜੁਟੇ ਟਰੱਸਟ ਕਰਮਚਾਰੀ
ਇੰਪਰੂਵਮੈਂਟ ਟਰੱਸਟ ਦਫਤਰ ਤੋਂ ਕਈ ਫਾਈਲਾਂ ਗੁਆਚਣ ਦਾ ਪਿਛਲੇ ਦਿਨੀਂ ਖੁਲਾਸਾ ਹੋਣ ਨਾਲ ਟਰੱਸਟ ਦੇ ਸੀਨੀਅਰ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਹੁਣੇ ਜਿਹੇ ਜਲੰਧਰ ਵਿਚ ਤਬਦੀਲ ਹੋ ਕੇ ਆਏ ਈ. ਓ. ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਫਾਈਲਾਂ ਲੱਭਣ ਲਈ ਕਿਹਾ ਗਿਆ ਹੈ। ਕਥਿਤ ਭ੍ਰਿਸ਼ਟ ਕਰਮਚਾਰੀਆਂ ਵਲੋਂ ਟਰੱਸਟ ਨੂੰ ਪਹੁੰਚਾਏ ਗਏ ਨੁਕਸਾਨ ਦਾ ਅਸਰ ਬਾਕੀ ਕਰਮਚਾਰੀਆਂ 'ਤੇ ਪੈ ਰਿਹਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਟਰੱਸਟ ਨੇ ਉਸ ਢੰਗ ਨਾਲ ਰਿਕਵਰੀ ਨਹੀਂ ਕੀਤੀ, ਜਿਸ ਤਰ੍ਹਾਂ ਕਰਨ ਦੀ ਲੋੜ ਸੀ। ਇਸ ਕਾਰਨ ਅੱਜ ਟਰੱਸਟ ਆਰਥਿਕ ਤੰਗੀ ਦੇ ਹਾਲਾਤ ਵਿਚੋਂ ਲੰਘ ਰਿਹਾ ਹੈ ਤੇ ਕਰਮਚਾਰੀਆਂ ਨੂੰ ਤਨਖਾਹ ਲਈ ਉਡੀਕ ਕਰਨੀ ਪੈ ਰਹੀ ਹੈ।
ਜਾਂਚ 'ਚ ਤੇਜ਼ੀ ਲਿਆਂਦੀ ਜਾ ਰਹੀ : ਈ. ਓ. ਰਾਜੇਸ਼
ਇੰਪਰੂਵਮੈਂਟ ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਉਨ੍ਹਾਂ ਕੋਲ ਵੀ ਪਹੁੰਚੀ ਹੈ, ਜਿਸ ਦੇ ਆਧਾਰ 'ਤੇ ਜਾਂਚ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਈ. ਓ. ਨੇ ਕਿਹਾ ਕਿ ਜਾਂਚ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਇਸਦੀ ਰਿਪੋਰਟ ਆਉਣ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਭ ਕੁੱਝ ਬੇਨਕਾਬ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਈ. ਓ. ਭਾਵੇਂ ਵਿਸ਼ਵਾਸ ਦਿਵਾ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਕੁੱਝ ਵੀ ਅਪਡੇਟ ਨਹੀਂ ਹੋਇਆ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY