ਬਨੂੜ, (ਗੁਰਪਾਲ)- ਬਨੂੜ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਰਾਮਨਗਰ ਸੈਣੀਆਂ ਵਿਖੇ ਉਦੋਂ ਮਾਤਮ ਛਾ ਗਿਆ ਜਦੋਂ ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਵਿਚ 2 ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਵੀ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਰਾਮਨਗਰ ਸੈਣੀਆਂ ਦੇ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਰਵਿਦਾਸੀਏ ਭਾਈਚਾਰੇ ਦੇ ਨੌਜਵਾਨਾਂ ਵੱਲੋਂ ਪਿੰਡ ਵਿਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪ੍ਰਕਾਸ਼ ਦਿਹਾੜਾ ਮਨਾਉਣ ਲਈ ਨਿਸ਼ਾਨ ਸਾਹਿਬ ਦਾ ਚੋਲਾ (ਕੱਪੜਾ) ਬਦਲਿਆ ਜਾ ਰਿਹਾ ਸੀ। ਅਚਾਨਕ ਨਿਸ਼ਾਨ ਸਾਹਿਬ ਨੂੰ ਸਪੋਰਟ ਦੇਣ ਲਈ ਬੰਨ੍ਹੀ ਗਈ ਤਾਰ ਟੁੱਟ ਕੇ ਨੇੜਿਓਂ ਲੰਘਦੀਆਂ ਹਾਈਵੋਲਟੇਜ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਬਿਜਲੀ ਦੇ ਜ਼ੋਰਦਾਰ ਝਟਕੇ ਨਾਲ ਕੁਲਵੰਤ ਸਿੰਘ ਤੇ ਜਗਤਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਰਾਜ ਕੁਮਾਰ ਤੇ ਅਵਤਾਰ ਸਿੰਘ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਅੰਬਾਲਾ (ਹਰਿਆਣਾ) ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ੰਭੂ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜ ਗਏ ਤੇ ਜਾਣਕਾਰੀ ਹਾਸਲ ਕੀਤੀ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਏ. ਪੀ. ਜੈਨ ਹਸਪਤਾਲ ਰਾਜਪੁਰਾ ਵਿਖੇ ਪੋਸਟਮਾਰਟਮ ਲਈ ਲੈ ਕੇ ਗਏ। ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਕੱਲ ਕਰਵਾਇਆ ਜਾਵੇਗਾ।
ਰੱਬ ਦਾ ਵਾਸਤਾ ਦੇਣ ਦੇ ਬਾਵਜੂਦ ਹਸਪਤਾਲ 'ਚ ਲੱਗੇ ਗੰਦਗੀ ਤੇ ਕੂੜੇ ਦੇ ਢੇਰ
NEXT STORY