ਸੁਲਤਾਨਪੁਰ ਲੋਧੀ, (ਧੀਰ)- ਗੰਦਗੀ ਤੋਂ ਰੋਕਣ ਲਈ ਰੱਬ ਦਾ ਵਾਸਤਾ ਦੇਣ ਵਾਲਾ ਇਕ ਵੱਡਾ ਫਲੈਕਸ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਰਾਇਲ ਵੱਲੋਂ ਲਾਉਣ ਦੇ ਬਾਵਜੂਦ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਕੂੜਾ ਸੁੱਟਣ ਦਾ ਕੰਮ ਲਗਾਤਾਰ ਜਾਰੀ ਹੈ, ਜਿਸ ਨਾਲ ਉਥੋਂ ਦੀ ਲੰਘਣ ਵੇਲੇ ਹਰੇਕ ਨਾਗਰਿਕ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਭਾਰਤ ਨੂੰ ਸਵੱਛ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ, ਉਥੇ ਹੀ ਸ਼ਹਿਰ, ਸੂਬੇ ਤੇ ਦੇਸ਼ ਨੂੰ ਸਵੱਛ ਨਾ ਰਹਿਣ ਦੇਣ ਵਾਲੇ ਲੋਕ ਗੰਦਗੀ ਫਿਲਾ ਕੇ ਸਾਫ ਸੁਥਰੇ ਹਸਪਤਾਲ ਨੂੰ ਖਰਾਬ ਕਰ ਰਹੇ ਹਨ, ਜਿਸ ਨੂੰ ਰੋਕਣ ਵਾਸਤੇ ਹੁਣ ਤਕ ਪ੍ਰਸ਼ਾਸਨ ਅਸਫਲ ਸਿੱਧ ਹੋਇਆ ਹੈ।
ਦੱਸਣਯੋਗ ਹੈ ਕਿ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਦੇ ਕੁਆਰਟਰਾਂ ਵਾਲੀ ਸਾਈਡ ਜੋ ਮੁਹੱਲਾ ਅਰੋੜਾ ਰਸਤਾ ਨੂੰ ਨਿਕਲਦੀ ਹੈ, ਉਥੇ ਹਸਪਤਾਲ ਦਾ ਗੇਟ ਲੱਗਾ ਹੋਣ ਦੇ ਬਾਵਜੂਦ ਕੁਝ ਲੋਕ ਗੰਦਗੀ ਤੇ ਕੂੜਾ ਸੁੱਟਣ ਤੋਂ ਗੁਰੇਜ ਨਹੀਂ ਕਰਦੇ ਹਨ। ਜਿਸ ਪਾਸੇ ਹਸਪਤਾਲ ਸਟਾਫ ਵੱਲੋਂ ਕਈ ਵਾਰ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਦੇਣ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਹਸਪਤਾਲ 'ਚ ਫੈਲੀ ਇਸ ਗੰਦਗੀ ਨੂੰ ਵੇਖ ਕੇ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਰਾਇਲ ਦੇ ਪ੍ਰਧਾਨ ਰੋਟੇ. ਯਾਦਵਿੰਦਰ ਸਿੰਘ ਸੰਧਾ ਦੀ ਅਗਵਾਈ ਹੇਠ ਰੋਟਰੀ ਮੈਂਬਰਾਂ ਡਾ. ਹਰਜੀਤ ਸਿੰਘ, ਜ਼ੈਲਦਾਰ ਰੋਟੇ. ਅਜੀਤ ਪਾਲ ਸਿੰਘ ਬਾਜਵਾ, ਰੋਟੇ. ਰਣਜੀਤ ਸਿੰਘ ਨੰਢਾ, ਰੋਟੇ. ਡਾ. ਅਮਨਪ੍ਰੀਤ ਸਿੰਘ ਦੀ ਟੀਮ ਨੇ ਬਕਾਇਦਾ ਇਸ ਸਥਾਨ ਦੀ ਸਫਾਈ ਵੀ ਕਰਵਾਈ ਤੇ ਲੋਕਾਂ ਨੂੰ ਰੱਬ ਦਾ ਵਾਸਤਾ ਪਾ ਕੇ ਹਸਪਤਾਲ 'ਚ ਗੰਦਗੀ ਨਾ ਸੁੱਟਣ ਦਾ ਬੋਰਡ ਲਾ ਕੇ ਅਪੀਲ ਵੀ ਕੀਤੀ ਪਰ ਲੋਕਾਂ ਵਲੋਂ ਰੱਬ ਦੀ ਦੁਹਾਈ ਨੂੰ ਵੀ ਨਜ਼ਰ-ਅੰਦਾਜ਼ ਕਰ ਕੇ ਗੰਦਗੀ ਸੁੱਟਣ ਦਾ ਕੰਮ ਬੇਰੋਕ ਟੋਕ ਜਾਰੀ ਰੱਖਿਆ ਹੋਇਆ ਹੈ।
ਕੀ ਕਹਿੰਦੇ ਹਨ ਰੋਟਰੀ ਕਲੱਬ ਦੇ ਪ੍ਰਧਾਨ
ਰੋਟਰੀ ਕਲੱਬ ਰਾਇਲ ਦੇ ਪ੍ਰਧਾਨ ਪ੍ਰਿੰਸੀਪਲ ਯਾਦਵਿੰਦਰ ਸਿੰਘ ਸੰਧਾ ਦਾ ਕਹਿਣਾ ਹੈ ਕਿ ਜਿਵੇਂ ਹਰੇਕ ਨਾਗਰਿਕ ਆਪਣੇ ਘਰ ਨੂੰ ਸਾਫ-ਸੁਥਰਾ ਰੱਖਣਾ ਆਪਣਾ ਫਰਜ਼ ਸਮਝਦਾ ਹੈ ਤਾਂ ਅਜਿਹੀ ਥਾਂ 'ਤੇ ਕਿਉਂ ਕੂੜਾ ਸੁੱਟ ਕੇ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਹਰੇਕ ਬੀਮਾਰੀ ਦੇ ਵਿਅਕਤੀ ਨੇ ਆਉਣਾ ਹੈ, ਅਜਿਹੇ ਸਮੇਂ ਸਾਨੂੰ ਹਸਪਤਾਲ 'ਚ ਗੰਦਗੀ ਨਹੀਂ ਸੁੱਟਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸੀਂ ਤਾਂ ਰੱਬ ਦਾ ਵਾਸਤਾ ਦੇ ਕੇ ਬੋਰਡ ਵੀ ਲਾਇਆ ਤਾਂ ਕਿ ਕੂੜਾ ਸੁੱਟਣ ਤੋਂ ਪਹਿਲਾਂ ਕੁਝ ਲੋਕਾਂ ਨੂੰ ਸ਼ਰਮ ਹੀ ਆ ਜਾਵੇ।
ਇਹ ਮੁੱਦਾ ਪ੍ਰਸ਼ਾਸਨ ਕੋਲ ਉਠਾਇਆ ਸੀ, ਕਾਰਵਾਈ ਨਹੀਂ ਹੋਈ : ਐੱਸ. ਐੱਮ. ਓ.
ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਮ. ਓ. ਡਾ. ਕੁਲਮਿੰਦਰਜੀਤ ਸਿੰਘ ਕੌਰ ਨੇ ਕਿਹਾ ਕਿ ਮੇਰੇ ਵੱਲੋਂ ਕਾਰਜ ਸੰਭਾਲਣ ਤੋਂ ਬਾਅਦ ਤੁਰੰਤ ਉਨ੍ਹਾਂ ਇਹ ਮੁੱਦਾ ਪ੍ਰਸ਼ਾਸਨ ਦੇ ਕੋਲ ਉਠਾ ਕੇ ਇਸ ਸਥਾਨ 'ਤੇ ਗੰਦਗੀ ਨਾ ਸੁੱਟਣ 'ਤੇ ਕਾਰਵਾਈ ਕਰਨ ਨੂੰ ਕਿਹਾ ਸੀ ਪਰ ਅਜੇ ਤਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਰਪਾ ਕਰ ਕੇ ਆਪਣੇ ਫਰਜ਼ ਨੂੰ ਸਮਝਦੇ ਹੋਏ ਇਸ ਸਥਾਨ 'ਤੇ ਕੂੜਾ ਨਾ ਸੁੱਟੋ।
ਨਕਦੀ ਤੇ ਗਹਿਣੇ ਚੋਰੀ ਕਰਨ ਵਾਲੀਆਂ 4 ਔਰਤਾਂ ਗ੍ਰਿਫਤਾਰ
NEXT STORY