ਧੂਰੀ, (ਜੈਨ)- ਸਥਾਨਕ ਪੁਲਸ ਨੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਨਾਲ-ਨਾਲ ਸ਼ਰਾਬ ਦੀ ਸਮੱਗਲਿੰਗ ਕਰ ਰਹੇ 5 ਵਿਅਕਤੀਅਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਦਕਿ 5 ਹੋਰ ਦੋਸ਼ੀ ਪੁਲਸ ’ਤੇ ਗੋਲੀਬਾਰੀ ਕਰਦੇ ਹੋਏ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ ਦੱਸੇ ਜਾ ਰਹੇ ਹਨ।
®ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸ. ਐੱਚ. ਓ. ਦਾ ਕਾਰਜਭਾਰ ਵੇਖ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸੰਗਰੂਰ ਸੰਦੀਪ ਗਰਗ ਦੀਆਂ ਹਦਾਇਤਾਂ ’ਤੇ ਮਾਡ਼ੇ ਅਨਸਰਾਂ ਖਿਲਾਫ ਚਲਾਈ ਗਈ ਇਕ ਵਿਸ਼ੇਸ਼ ਮੁਹਿੰਮ ਅਧੀਨ ਪੁਲਸ ਚੌਕੀ ਰਣੀਕੇ ਦੇ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ। ਜਦ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਪੁਲਸ ਪਾਰਟੀ ਸਮੇਤ ਰਣੀਕੇ ਤੋਂ ਰੰਗੀਆਂ ਵੱਲ ਜਾ ਰਹੇ ਸਨ, ਤਾਂ ਇਨ੍ਹਾਂ ਮੂਲੋਵਾਲ ਵਾਲੇ ਚੌਰਾਹੇ ’ਤੇ ਅਲਾਲ ਵਾਲੀ ਸਾਈਡ ਤੋਂ ਤਿੰਨ ਗੱਡੀਆਂ ਆਉਂਦੀਆਂ ਵੇਖੀਆਂ। ਇਨ੍ਹਾਂ ਗੱਡੀਆਂ ਦੇ ਅੱਗੇ ਇਕ ਬੁਲੇਟ ਮੋਟਰਸਾਈਕਲ ਵੀ ਆ ਰਿਹਾ ਸੀ।
®ਪੁਲਸ ਵੱਲੋਂ ਟਾਰਚ ਰਾਹੀਂ ਇਸ਼ਾਰਾ ਕਰ ਕੇ ਇਨ੍ਹਾਂ ਗੱਡੀਆਂ ਅਤੇ ਮੋਟਰਸਾਈਕਲ ਨੂੰ ਬੈਰੀਕੇਡ ਅੱਗੇ ਕਰ ਕੇ ਰੋਕ ਲਿਆ ਗਿਆ। ਪੁਲਸ ਨੇ ਮੋਟਰਸਾਈਕਲ ਚਾਲਕ ਲਖਬੀਰ ਸਿੰਘ ਉਰਫ ਲੱਖੀ ਪੁੱਤਰ ਗੁਰਮਖ ਸਿੰਘ ਵਾਸੀ ਭੱਠਲਾਂ ਨੂੰ ਕਾਬੂ ਕੀਤਾ ਹੀ ਸੀ ਕਿ ਪਹਿਲੀ ਕਾਰ ਜੋ ਕਿ ਟੋਇਟਾ ਕਰੋਲਾ ਸੀ, ਵਿਚੋਂ ਤਿੰਨ ਵਿਅਕਤੀ ਉਤਰ ਕੇ ਖੇਤਾਂ ਵੱਲ ਨੂੰ ਭੱਜ ਗਏ ਅਤੇ ਇਨ੍ਹਾਂ ਵਿਚੋਂ ਇਕ ਵੱਲੋਂ ਪੁਲਸ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਵੀ ਕੀਤੇ ਗਏ। ਪੁਲਸ ਨੇ ਉਕਤ ਕਾਰ ਵਿਚੋਂ ਇਕ ਦੋਸ਼ੀ ਗੌਰਵ ਸ਼ਰਮਾ ਉਰਫ ਗੱਗੀ ਪੁੱਤਰ ਭੀਮ ਸੈਨ ਵਾਲੀ ਲੌਂਗੋਵਾਲ ਨੂੰ ਕਾਬੂ ਕਰ ਲਿਆ। ਉਕਤ ਕਾਰ ਦੀ ਤਲਾਸ਼ੀ ਲੈਣ ’ਤੇ ਪੁਲਸ ਨੇ 20 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕੀਤੇ। ਫਡ਼ੇ ਗਏ ਗੌਰਵ ਸ਼ਰਮਾ ਦੇ ਦੱਸਣ ਮੁਤਾਬਕ ਭੱਜਣ ਵਾਲੇ ਤਿੰਨ ਦੋਸ਼ੀਆਂ ਵਿਚ ਦਵਿੰਦਰ ਸਿੰਘ ਉਰਫ ਮਨੀ ਪੁੱਤਰ ਰਣਜੀਤ ਸਿੰਘ ਵਾਸੀ ਲੌਂਗੋਵਾਲ, ਬੰਟੀ ਲੌਂਗੋਵਾਲ ਅਤੇ ਸੋਨੂੰ ਸ਼ਰਮਾ ਉਰਫ ਡਾਨ ਪੁੱਤਰ ਸੁਮਿਤ ਸ਼ਰਮਾ ਵਾਸੀ ਨਵੀਂ ਅਾਬਾਦੀ ਖੰਨਾ ਸ਼ਾਮਲ ਹਨ। ਪੁਲਸ ’ਤੇ ਗੋਲੀ ਵੀ ਸੋਨੂੰ ਸ਼ਰਮਾ ਨੇ ਚਲਾਈ ਸੀ।
®ਦੂਸਰੀ ਕਾਰ ਜੋ ਕਿ ਇਨੋਵਾ ਦੱਸੀ ਜਾ ਰਹੀ ਹੈ, ਵਿਚੋਂ ਵੀ ਪੁਲਸ ਨੇ 42 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕਰ ਕੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਘੋਲਾ ਸਿੰਘ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜੋਰਾ ਸਿੰਘ ਵਾਸੀਆਨ ਪਿੰਡ ਭੱਠਲਾਂ ਨੂੰ ਗ੍ਰਿਫਤਾਰ ਕੀਤਾ ਹੈ। ਤੀਸਰੀ ਬਲੈਰੋ ਕਾਰ ਵਿਚੋਂ ਵੀ ਪੁਲਸ ਨੇ 118 ਡੱਬੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੇ ਬਰਾਮਦ ਕਰ ਕੇ ਦੋਸ਼ੀ ਬਲਵੰਤ ਸਿੰਘ ਉਰਫ ਢਿਮਰੂ ਪੁੱਤਰ ਭਗਤ ਸਿੰਘ ਵਾਸੀ ਸਲੇਮਪੁਰ ਨੂੰ ਕਾਬੂ ਕੀਤਾ ਹੈ, ਜਦਕਿ ਉਸ ਕਾਰ ਵਿਚ ਸਵਾਰ ਉਸ ਦੇ ਦੋ ਹੋਰ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਦੱਸੇ ਜਾ ਰਹੇ ਹਨ। ਫਰਾਰ ਹੋਣ ਵਾਲਿਆਂ ’ਚ ਦੋਸ਼ੀ ਸੋਨੀ ਵਾਸੀ ਅਲਾਲ ਅਤੇ ਰਿੰਕੂ ਵਾਸੀ ਹੇਡ਼ੀਕੇ ਸ਼ਾਮਲ ਹਨ। ਪੁਲਸ ਵੱਲੋਂ ਕੁੱਲ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਫਰਾਰ ਹੋਏ ਬਾਕੀ 5 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮਲੂਕਪੁਰਾ ਮਾਈਨਰ ਤੇ ਨਹਿਰ ’ਚੋਂ 2 ਲਾਸ਼ਾਂ ਬਰਾਮਦ
NEXT STORY