ਲੁਧਿਆਣਾ, (ਹਿਤੇਸ਼)- ਫਾਸਟ ਵੇਅ ਕੰਪਨੀ ਦੇ ਮਾਲਕ ਗੁਰਦੀਪ ਜੁਝਾਰ ਦੇ ਫਿਰੋਜ਼ਪੁਰ ਰੋਡ ਸਥਿਤ ਮਾਲ ਵਿਚ ਹੋਏ ਨਾਜਾਇਜ਼ ਨਿਰਮਾਣ ਬਾਰੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਦੇ ਆਦੇਸ਼ਾਂ 'ਤੇ ਐਤਵਾਰ ਦੇਰ ਸ਼ਾਮ ਕਾਰਵਾਈ ਕਰਨ ਗਏ ਨਗਰ ਨਿਗਮ ਦਸਤੇ ਨੂੰ ਅਕਾਲੀਆਂ ਦੇ ਭਾਰੀ ਵਿਰੋਧ ਕਾਰਨ ਬੇਰੰਗ ਵਾਪਸ ਪਰਤਣਾ ਪਿਆ।
ਵਰਨਣਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਦੇ ਆਦੇਸ਼ਾਂ 'ਤੇ ਨਿਗਮ ਅਫਸਰਾਂ ਨੇ ਮੌਕੇ 'ਤੇ ਜਾ ਕੇ ਪੈਮਾਇਸ਼ ਕੀਤੀ ਸੀ, ਜਿਸ ਬਾਰੇ ਐਡੀਸ਼ਨਲ ਚੀਫ ਸੈਕਟਰੀ ਨੇ ਬਕਾਇਦਾ ਰਿਪੋਰਟ ਭੇਜਣ ਦੇ ਆਦੇਸ਼ ਵੀ ਜਾਰੀ ਕੀਤੇ ਪਰ ਅਧਿਕਾਰਕ ਤੌਰ 'ਤੇ ਕੋਈ ਫੈਸਲਾ ਹੋਣ ਤੋਂ ਪਹਿਲਾਂ ਹੀ ਐਤਵਾਰ ਨੂੰ ਸਿੱਧੂ ਨੇ ਸਿੱਧਾ ਲੋਕਲ ਲੈਵਲ ਦੇ ਅਫਸਰਾਂ ਨੂੰ ਫੋਨ ਕਰ ਕੇ ਕਾਰਵਾਈ ਕਰਨ ਲਈ ਕਹਿ ਦਿੱਤਾ। ਜਿਸ 'ਤੇ ਨਿਗਮ ਟੀਮ ਦੇਰ ਸ਼ਾਮ ਪੁਲਸ ਫੋਰਸ ਤੇ ਬੁਲਡੋਜ਼ਰ ਲੈ ਕੇ ਮੌਕੇ 'ਤੇ ਪਹੁੰਚ ਗਈ, ਜਿਸ ਦੀ ਅਗਵਾਈ ਐਡੀਸ਼ਨਲ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜੁਆਇੰਟ ਕਮਿਸ਼ਨਰ ਕੁਲਪ੍ਰੀਤ ਤੂਰ, ਐੱਸ. ਟੀ. ਪੀ. ਕਮਲਜੀਤ ਕੌਰ ਤੇ ਏ. ਟੀ. ਪੀ. ਵਿਜੇ ਕੁਮਾਰ ਕਰ ਰਹੇ ਸਨ।
ਇਸ ਐਕਸ਼ਨ ਦੀ ਭਿਣਕ ਸ਼ਾਇਦ ਮਾਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਲੱਗ ਚੁੱਕੀ ਸੀ, ਜਿਨ੍ਹਾਂ ਨੇ ਆਪਣੇ ਸਟਾਫ ਨਾਲ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਪਹਿਲਾਂ ਹੀ ਮੇਨ ਗੇਟ 'ਤੇ ਖੜ੍ਹਾ ਕਰ ਦਿੱਤਾ ਸੀ, ਜਿਨ੍ਹਾਂ ਵਿਚ ਪ੍ਰਮੁੱਖ ਅਕਾਲੀ ਨੇਤਾ ਵੀ ਸ਼ਾਮਲ ਸਨ। ਉਨ੍ਹਾਂ ਨੇ ਆਉਂਦੇ ਹੀ ਨਿਗਮ ਅਫਸਰਾਂ ਦਾ ਘੇਰਾਓ ਕਰ ਲਿਆ ਅਤੇ ਐਤਵਾਰ ਨੂੰ ਦੇਰ ਸ਼ਾਮ ਕਾਰਵਾਈ ਲਈ ਆਉਣ 'ਤੇ ਸਵਾਲ ਉਠਾਏ। ਇਸ ਦੇ ਨਾਲ ਹੀ ਕਿਸੇ ਕਾਰਵਾਈ ਦੇ ਨੋਟਿਸ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਪ੍ਰਾਈਵੇਟ ਕੰਪਲੈਕਸ ਵਿਚ ਦਾਖਲ ਹੋਣ ਲਈ ਜ਼ਰੂਰੀ ਆਰਡਰ ਦਿਖਾਉਣ ਦੀ ਮੰਗ ਕੀਤੀ।
ਇਸ 'ਤੇ ਨਿਗਮ ਅਫਸਰਾਂ ਨੇ ਮਾਲ ਦੇ ਨਾਲ ਲੱਗਦੀ ਗ੍ਰੀਨ ਬੈਲਟ ਦੀ ਜਗ੍ਹਾ ਦਾ ਰੁਖ ਕੀਤਾ। ਜਿੱਥੇ ਲੱਗੀਆਂ ਟਾਈਲਾਂ ਨੂੰ ਬੁਲਡੋਜ਼ਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਮਾਲ ਪ੍ਰਬੰਧਕਾਂ ਤੋਂ ਇਲਾਵਾ ਅਕਾਲੀ ਨੇਤਾਵਾਂ ਨੇ ਵੀ ਵਿਰੋਧ ਸ਼ੁਰੂ ਕਰ ਦਿੱਤਾ। ਜੋ ਬੁਲਡੋਜ਼ਰ ਦੇ ਅੱਗੇ ਖੜ੍ਹੇ ਹੋ ਗਏ ਅਤੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੂੰ ਪੁਲਸ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਫੋਰਸ ਘੱਟ ਹੋਣ ਕਾਰਨ ਗੱਲ ਨਹੀਂ ਬਣੀ, ਜਿਸ 'ਤੇ ਅਫਸਰਾਂ ਨੂੰ ਬੇਰੰਗ ਵਾਪਸ ਪਰਤਣ ਦਾ ਫੈਸਲਾ ਕਰਨਾ ਪਿਆ।
ਪੁਨੀਤ ਨਗਰ ਇਲਾਕੇ 'ਚ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਭਿੜੀਆਂ
NEXT STORY