ਜਲੰਧਰ (ਨਰਿੰਦਰ ਮੋਹਨ) : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਪੰਜਾਬ ਸਰਕਾਰ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੱਟੋ-ਘੱਟ ਇਕ ਸਾਲ ਦਾ ਮੌਕਾ ਤਾਂ ਦਿੱਤਾ ਜਾਣਾ ਬਣਦਾ ਹੈ। ਕੇਂਦਰ ਪੰਜਾਬ ਦੇ ਹਾਲਾਤ ’ਤੇ ਸਿੱਧੀ ਅਤੇ ਖੁਫੀਆ ਨਜ਼ਰ ਰੱਖ ਰਿਹਾ ਹੈ।’ ਚੰਡੀਗੜ੍ਹ ਸਥਿਤ ਬੀ. ਐੱਸ. ਐਫ ਦੀ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਵਿਖੇ ਰੁਜ਼ਗਾਰ ਮੇਲੇ ਵਿਚ ਪੁੱਜੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਆਰਥਿਕ ਤੌਰ ’ਤੇ ਵੀ ਪੰਜਾਬ ਦੀ ਹਾਲਤ ਡਾਵਾਂਡੋਲ ਹੈ । ਕਰਜ਼ਾ ਵਧਦਾ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬ ਵਿੱਚ ਸਰਕਾਰ ਦੇ ਮਾੜੇ ਰਾਜ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਉਹ ਦੁਨੀਆਂ ਦੀ ਤੀਜੀ ਆਰਥਿਕ ਸ਼ਕਤੀ ਬਣਨ ਦੀ ਤਿਆਰੀ ਵਿੱਚ ਹੈ ਪਰ ਆਮ ਆਦਮੀ ਪਾਰਟੀ ਉਲਟ ਦਿਸ਼ਾ ਵਿੱਚ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਕੰਮ ਸਿਰਫ਼ ਸਿਆਸੀ ਜੋੜ-ਤੋੜ ਅਤੇ ਮੁਫਤ ਦੀਆਂ ਰਿਓੜੀਆਂ ਵਾਲੇ ਵਾਅਦੇ ਕਰਨਾ ਹੈ। ‘ਆਪ’ ਨੇ ਸੱਤਾ ਵਿੱਚ ਆਉਂਦੇ ਹੀ ਪੰਜਾਬ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਉਹ ਵਾਅਦਾ ਕਿੱਥੇ ਹੈ? ਹੁਣ ਉਹ ਗੁਜਰਾਤ ਵਿੱਚ ਵੀ ਅਜਿਹੇ ਲਾਲਚ ਦੇ ਰਹੀ ਹੈ ਪਰ ਲੋਕਾਂ ਵਿੱਚ ਪਰਪੱਕਤਾ ਆ ਰਹੀ ਹੈ। ‘ਆਪ’ ਵਾਲੇ ਜਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ, ਉਹ ਹੈਰਾਨੀਜਨਕ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਦਿੱਲੀ ਵਾਪਸ ਜਾਵੇਗਾ ਗੈਂਗਸਟਰ ਲਾਰੈਂਸ ਬਿਸ਼ਨੋਈ, NIA ਦੀ ਟੀਮ ਕਰੇਗੀ ਪੁੱਛਗਿੱਛ
ਉਨ੍ਹਾਂ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਪੰਜਾਬ ਸਿਰ ਸਾਢੇ ਤਿੰਨ ਕਰੋੜ ਦੇ ਕਰੀਬ ਕਰਜ਼ਾ ਸੀ । ਹੁਣ ਇਹ ਕਰਜ਼ਾ ਹੋਰ ਵਧ ਗਿਆ ਹੈ। ਇਸ ਵਿੱਚ ਸੂਬਾ ਸਰਕਾਰ ਦਾ ਸੁਚੱਜਾ ਪ੍ਰਬੰਧ ਕਿੱਥੇ ਹੈ? ਜਦੋਂ ਪੰਜਾਬ ਦੇ ਲੋਕ ਕਹਿੰਦੇ ਹਨ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਿਘਾਰ ਵੱਲ ਜਾ ਰਹੀ ਹੈ ਤਾਂ ਇਹ ਕੋਈ ਦੋਸ਼ ਨਹੀਂ ਸਗੋਂ ਸੱਚਾਈ ਹੈ। ਭਾਵੇਂ ਅਜਿਹੀਆਂ ਘਟਨਾਵਾਂ ਕਿਤੇ ਵੀ ਵਾਪਰ ਸਕਦੀਆਂ ਹਨ ਪਰ ਸਮਾਜ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦੇਣਾ ਕਿਥੋਂ ਤੱਕ ਠੀਕ ਹੈ? ਪੰਜਾਬ ਸਰਕਾਰ ਦਿਨ-ਦਿਹਾੜੇ ਗੋਲੀਬਾਰੀ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਛੋਟੀਆਂ-ਮੋਟੀਆਂ ਘਟਨਾਵਾਂ ਦੱਸ ਰਹੀ ਹੈ।
ਉਨ੍ਹਾਂ ਪੰਜਾਬ ਵਿੱਚ ਸਰਗਰਮ ਹੋਏ ਕਥਿਤ ਸਿੱਖ ਧਾਰਮਿਕ ਆਗੂ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੇ ਪਿਛੋਕੜ ਨੂੰ ਇਕ ਵਾਰ ਜ਼ਰੂਰ ਦੇਖਣਾ ਚਾਹੀਦਾ ਹੈ । ਕੇਂਦਰ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕੇਂਦਰ ਪੰਜਾਬ ਦੇ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਹੁਣ ਕੇਂਦਰ ਇਸ ਵਿਸ਼ੇ ’ਤੇ ਗੁਪਤ ਸੂਚਨਾ ਲੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਫੈਨ ਦੀ ਨਿਵੇਕਲੀ ਪਹਿਲ, 'ਬਾਈ ਜੀ' ਦੀ ਯਾਦ 'ਚ ਮਨੁੱਖਤਾ ਦੀ ਸੇਵਾ ਕਰ ਰਿਹੈ ਆਟੋ ਚਾਲਕ
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਦਿੱਲੀ ਨੂੰ ਲੰਡਨ ਬਣਾ ਦਿੱਤਾ ਜਾਵੇਗਾ। ਲੰਡਨ ਤਾਂ ਇਹ ਬਣਿਆ ਨਹੀਂ ਪਰ ਥਾਈਲੈਂਡ ਦਾ ਸਪਾ ਜ਼ਰੂਰ ਇਸ ਨੂੰ ਬਣਾ ਦਿੱਤਾ ਗਿਆ ਹੈ। ਜੇਲ੍ਹ ’ਚ ਮੰਤਰੀ ਜੈਨ ਜਿਸ ਕੋਲੋਂ ਮਸਾਜ ਕਰਵਾ ਰਹੇ ਹਨ, ਉਹ ਬੰਦਾ ਵੀ ਅਪਰਾਧਿਕ ਪਿਛੋਕੜ ਵਾਲਾ ਨਿਕਲਿਆ ਹੈ। ਦਿੱਲੀ ਦੀਆਂ ਜੇਲ੍ਹਾਂ ਵਿੱਚ ਜੋ ਹੋ ਰਿਹਾ ਹੈ, ਦਿੱਲੀ ਵਿਚ ਤਾਂ ਉਸ ਤੋਂ ਵੀ ਮਾੜਾ ਹਾਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੁਲਸ ਹੋਈ ਸਖਤ, ਦੋਸਤਾਂ ਦੇ ਹਥਿਆਰ ਲੈ ਕੇ ਸਨੈਪਚੈਟ ’ਤੇ ਵੀਡੀਓ ਅਪਲੋਡ ਕਰਨ ਵਾਲਾ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
NEXT STORY