ਫਿਰੋਜ਼ਪੁਰ (ਕੁਮਾਰ)-ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ’ਤੇ ਹਮਲਾ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਪੰਜਾਬ ਪੁਲਸ ਵੱਲੋਂ ਦਰਜ ਕੀਤੇ ਕੇਸ ’ਚ ਮਜੀਠੀਆ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅੰਦਰੋਂ ਮਿਲੇ ਹੋਏ ਹਨ। ਇਨ੍ਹਾਂ ਦੀ ਡਬਲਯੂ.ਡਬਲਯੂ. ਈ. ਚੈਂਪੀਅਨਸ਼ਿਪ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚਿਹਰਾ ਦੇਖ ਚੁੱਕੇ ਹਨ। ਕੇਂਦਰੀ ਮੰਤਰੀ ਸ਼ੇਖਾਵਤ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਰਾਜਪਾਲ ਪੰਜਾਬ ਨੂੰ ਭੇਜੀ ਗਈ ਫਾਈਲ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ 30 ਦਸੰਬਰ ਨੂੰ ਰਾਜਪਾਲ ਨੇ ਇਹ ਫਾਈਲ ਇਤਰਾਜ਼ ਦੂਰ ਕਰਨ ਲਈ ਪੰਜਾਬ ਸਰਕਾਰ ਨੂੰ ਵਾਪਸ ਭੇਜੀ ਸੀ ਪਰ ਪੰਜਾਬ ਦੀ ਕਾਂਗਰਸ ਇਸ ਮੁੱਦੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ 36,000 ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਝੂਠੇ ਬਿਆਨ ਦੇ ਕੇ ਕਾਂਗਰਸ ਪਾਰਟੀ ਇਨ੍ਹਾਂ ਮੁਲਾਜ਼ਮਾਂ ਨੂੰ ਸਿਆਸੀ ਗੋਟੀਆਂ ਬਣਾ ਕੇ ਵਰਤ ਰਹੀ ਹੈ, ਜੋ ਗ਼ਲਤ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੀ ਅਸਲੀਅਤ ਦਿਖਾ ਦੇਣਗੇ ਅਤੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਖੰਨਾ ’ਚ ਲਗਾਇਆ ਗਿਆ ਜਾਮ ਤੇ ਧਰਨਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ’ਚ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਦੇ ਬੇਰੁਜ਼ਗਾਰ ਅਤੇ ਸਾਰੇ ਵਰਗਾਂ ਦੇ ਲੋਕ ਕਾਂਗਰਸ ਪਾਰਟੀ ਨੂੰ ਮਜ਼ਾ ਚਖਾਉਣ ਲਈ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣ ਮੈਨੀਫੈਸਟੋ ’ਚ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਜਿਸ ਕਾਰਨ ਪੰਜਾਬ ਦੇ ਲੋਕਾਂ ’ਚ ਕਾਂਗਰਸ ਪ੍ਰਤੀ ਗੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਦੇ ਲੋਕ, ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੂੰ ਆਪਣੇ ਗਲੀ ਮੁਹੱਲਿਆਂ ਤੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।
ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ’ਚ ਸ਼ਾਮਲ ਹੋ ਰਹੇ ਹਨ । ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵਰਗੀ ਪੰਡਿਤ ਬਾਲਮੁਕੁੰਦ ਸ਼ਰਮਾ ਦੇ ਪੁੱਤਰ ਐਡਵੋਕੇਟ ਗੁਲਸ਼ਨ ਸ਼ਰਮਾ (ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ) ਅਤੇ ਉਨ੍ਹਾਂ ਦੇ ਵੱਡੇ ਭਰਾ ਰਾਜਿੰਦਰ ਸ਼ਰਮਾ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਭਾਜਪਾ ’ਚ ਸ਼ਾਮਲ ਕੀਤਾ। ਇਸ ਦੌਰਾਨ ਸ਼ੇਖਾਵਤ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਭਾਜਪਾ ਸਪੱਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ ਅਤੇ ਦੇਸ਼ ਭਰ ਦੇ ਲੋਕ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹਨ। ਭਾਜਪਾ ਦੇ ਹੱਕ ’ਚ ਜ਼ਬਰਦਸਤ ਲਹਿਰ ਚੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ’ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਹੋਂਦ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਇਸ ਮੌਕੇ ਭਾਜਪਾ ਆਗੂ ਅਨਿਲ ਸਰੀਨ, ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਦੇ ਪਿੱਪਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਖੁਰਾਣਾ, ਮੋਹਿਤ ਢੱਲ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।
ਇੰਜੀਨੀਅਰ ਜਸਵੀਰ ਸਿੰਘ ਨੇ ਚੀਫ ਇੰਜੀਨੀਅਰ ਕੇਂਦਰੀ ਜ਼ੋਨ ਲੁਧਿਆਣਾ ਦਾ ਅਹੁਦਾ ਸੰਭਾਲਿਆ
NEXT STORY