ਜਲੰਧਰ (ਰਾਹੁਲ ਕਾਲਾ) : ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੈਅ ਕਰਨ ਨੂੰ ਲੈ ਕੇ ਬਣਾਈ ਗਈ ਐੱਮ. ਐੱਸ. ਪੀ. ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕੀਤਾ ਹੈ। ਇਸ ਕਮੇਟੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ’ਚ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਮੋਰਚੇ ਵੱਲੋਂ ਸੜਕਾਂ ’ਤੇ ਆਵਾਜਾਈ ਨਹੀਂ ਰੋਕੀ ਜਾਵੇਗੀ। ਇਸ ਦੌਰਾਨ ਕੇਂਦਰ ਵੱਲੋਂ ਬਣਾਈ ਗਈ ਕਮੇਟੀ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਥੇਬੰਦੀ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਐੱਮ. ਐੱਸ. ਪੀ. ਕਮੇਟੀ ਕੇਂਦਰ ਸਰਕਾਰ ਦੀ ਕਠਪੁਤਲੀ ਵਾਂਗ ਕੰਮ ਕਰੇਗੀ, ਇਸ ਲਈ ਉਹ ਇਸ ਦੇ ਖ਼ਿਲਾਫ਼ ਰੇਲਾਂ ਦਾ ਚੱਕਾ ਜਾਮ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਇੰਸਪੈਕਟਰ ਸਣੇ 3 ਪੁਲਸ ਮੁਲਾਜ਼ਮ ਕੀਤੇ ਮੁਅੱਤਲ
ਇਸ ਦੌਰਾਨ ਮੋਰਚੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ 18, 19 ਤੇ 20 ਅਗਸਤ ਨੂੰ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ 75 ਘੰਟਿਆਂ ਦਾ ਅੰਦੋਲਨ ਕੀਤਾ ਜਾਵੇਗਾ। ਸੰਯੁਕਤ ਅੰਦੋਲਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਸ਼ਹੀਦ ਹੋਏ 115 ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ, ਜੋ ਅਜੇ ਤਕ ਨਹੀਂ ਦਿੱਤੀਆਂ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨ੍ਹਾਂ ਨੂੰ ਜਲਦ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ’ਤੇ ਐੱਮ. ਐੱਸ. ਪੀ. ਨਹੀਂ ਦਿੱਤੀ ਗਈ। ਸਰਕਾਰ ਵੱਲੋਂ 4 ਤੋਂ 5 ਹਜ਼ਾਰ ਰੁਪਿਆ ਹੀ ਕਿਸਾਨਾਂ ਨੂੰ ਭਾਅ ਦਿੱਤਾ ਗਿਆ, ਜਦਕਿ ਭਾਅ 7200 ਰੁਪਏ ਤੈਅ ਕੀਤਾ ਗਿਆ ਸੀ।
RTI 'ਚ ਖ਼ੁਲਾਸਾ : ਚੰਡੀਗੜ੍ਹ ਪੁਲਸ ਨੇ ਕੇਂਦਰੀ ਮੰਤਰੀ ਦੇ ਸਵਾਗਤ 'ਤੇ ਖ਼ਰਚ ਕੀਤੇ ਇਕ ਕਰੋੜ ਰੁਪਏ
NEXT STORY