ਮੋਗਾ (ਗੋਪੀ ਰਾਊਕੇ) - ਸ਼ਹਿਰ ’ਚ ਧਡ਼ੱਲੇ ਨਾਲ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਲਿਫਾਫਿਆਂ ਦੀ ਵਰਤੋਂ ’ਤੇ ਰੋਕ ਲਾਉਣ ਲਈ ਮਾਣਯੋਗ ਹਾਈ ਕੋਰਟ ਵੱਲੋਂ ਹੁਕਮ ਦਿੱਤੇ ਗਏ ਹਨ ਅਤੇ ਕੱਪਡ਼ਾ, ਬੈਗ ਜਾਂ ਫਿਰ ਕਾਗਜ਼ ਦੇ ਲਿਫਾਫੇ ਵਰਤੋਂ ਕਰਨ ਲਈ ਕਿਹਾ ਗਿਆ ਹੈ । ਅੱਜ ਵੀ ਬਾਜ਼ਾਰਾਂ ਵਿਚ ਪਲਾਸਟਿਕ ਲਿਫਾਫਿਆਂ ਦੀ ਸ਼ਰੇਆਮ ਵਰਤੋਂ ਹੋ ਰਹੀ ਹੈ, ਜੋ ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਲਈ ਅਨੇਕਾਂ ਸਵਾਲੀਆ ਚਿੰਨ੍ਹ ਲਾ ਰਹੀ ਹੈ। ਬੇਸ਼ੱਕ ਨਿਗਮ ਪ੍ਰਸ਼ਾਸਨ ਵੱਲੋਂ ਸਰਕਾਰੀ ਹੁਕਮਾਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਉਹ ਕਾਰਵਾਈ ਸਿਰਫ ਖਾਨਾਪੂਰਤੀ ਬਣ ਕੇ ਹੀ ਰਹਿ ਜਾਂਦੀ ਹੈ ਅਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ।
ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਰ ਰਹੇ ਨੇ ਜ਼ਿਆਦਾ ਵਰਤੋਂ
ਸ਼ਹਿਰ ’ਚ ਕਈ ਦੁਕਾਨਦਾਰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕਰ ਰਹੇ ਹਨ, ਜਦਕਿ ਕਈ ਸਮਝਦਾਰ ਦੁਕਾਨਦਾਰਾਂ ਨੇ ਇਸ ਦੇ ਇਸਤੇਮਾਲ ਨੂੰ ਬੰਦ ਕਰਦੇ ਹੋਏ ਆਪਣੇ ਕੱਪਡ਼ੇ ਦੇ ਬੈਗ ਮਹਿੰਗੇ ਭਾਅ ’ਤੇ ਬਣਵਾਏ ਹੋਏ ਹਨ। ਦੇਖਣ ਵਿਚ ਇਹ ਵੀ ਆਇਆ ਹੈ ਕਿ ਇਨ੍ਹਾਂ ਲਿਫਾਫਿਆਂ ਦੀ ਜ਼ਿਆਦਾਤਰ ਵਰਤੋਂ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਹੀ ਕਰਦੇ ਹਨ।
ਸਰਕਾਰ ਤੋਂ ਮਨਜ਼ੂਰਸ਼ੁਦਾ ਲਿਫਾਫੇ 400 ਰੁਪਏ ਕਿਲੋ
ਜਦ ਇਸ ਸਬੰਧੀ ਇਕ ਰੇਹਡ਼ੀ ਚਾਲਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਇਨ੍ਹਾਂ ਲਿਫਾਫਿਆਂ ਦੀ ਵਰਤੋਂ ’ਤੇ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਅਤੇ ਇਹ ਵਾਤਾਵਰਣ ਲਈ ਹਾਨੀਕਾਰਕ ਵੀ ਹੈ ਪਰ ਅਸੀਂ ਇਨ੍ਹਾਂ ਦਾ ਇਸਤੇਮਾਲ ਕਰਨ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਨ੍ਹਾਂ ਲਿਫਾਫਿਆਂ ਦੀ ਵਰਤੋਂ ਵਾਸਤੇ ਮਨਜ਼ੂਰੀ ਦਿੱਤੀ ਗਈ ਹੈ ਉਹ 400 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੇ ਹਨ, ਜੇਕਰ ਇੰਨੇ ਮਹਿੰਗੇ ਲਿਫਾਫੇ ਦੀਆਂ ਵਰਤੋਂ ਕਰਾਂਗੇ ਤਾਂ ਸਾਨੂੰ ਬਚਣ ਵਾਲੀ ਸਾਰੀ ਬਚਤ ਰਾਸ਼ੀ ਲਿਫਾਫਿਆਂ ’ਚ ਹੀ ਉੱਡ ਜਾਵੇਗੀ।
ਕੀ ਕਹਿਣੈ ਨਿਗਮ ਅਧਿਕਾਰੀਆਂ ਦਾ
ਇਸ ਸਬੰਧੀ ਜਦ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ Îਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਮੁਹਿੰਮ ਚਲਾ ਕੇ 32 ਕਿਲੋ, 40 ਕਿਲੋ ਪਲਾਸਟਿਕ ਲਿਫਾਫੇ ਜ਼ਬਤ ਕੀਤੇ ਗਏ ਸਨ, ਜਲਦ ਹੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਪਲਾਸਟਿਕ ਲਿਫਾਫਿਆਂ ’ਤੇ ਰੋਕ ਲਾਉਣ ਲਈ ਸਖਤ ਕਦਮ ਚੁੱਕੇ ਜਾਣਗੇ।
ਯੂਥ ਕਾਂਗਰਸ ਨੇ ਫੂਕਿਆ ਅਮਿਤ ਸ਼ਾਹ ਦਾ ਪੁਤਲਾ
NEXT STORY