ਅਜੀਤਵਾਲ (ਰੱਤੀ ਕੋਕਰੀ) : ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਮੋਗਾ ਵਿਚ ਹਰੇਕ ਜ਼ਿਲ੍ਹਾ ਵਾਸੀ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦਾ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਕੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਵੱਲੋਂ ਅਚਨਚੇਤ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਦਾ ਦੌਰਾ ਕੀਤਾ ਗਿਆ। ਹਰਚਰਨ ਸਿੰਘ ਨੇ ਹਸਪਤਾਲ ਦੇ ਸਟਾਫ਼ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 30 ਨਵੰਬਰ ਤੱਕ ਹਰੇਕ ਜ਼ਿਲ੍ਹਾ ਵਾਸੀ ਦੀ ਵੈਕਸੀਨੇਸ਼ਨ ਕਰਾਉਣੀ ਲਾਜ਼ਮੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲੇ ਟੀਚੇ ਤਹਿਤ 30 ਨਵੰਬਰ ਤੱਕ ਹਰੇਕ ਯੋਗ ਜ਼ਿਲ੍ਹਾ ਵਾਸੀ ਦੇ ਪਹਿਲਾ ਟੀਕਾ ਅਤੇ ਦੂਜੇ ਟੀਕੇ ਲਈ ਨਿਰਧਾਰਿਤ ਸਮਾਂ ਪੂਰਾ ਕਰ ਚੁੱਕੇ ਵਿਅਕਤੀ ਦੇ ਦੂਜਾ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਇਹ ਟੀਚਾ ਪੂਰਾ ਕਰਨ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਵੈਕਸੀਨੇਸ਼ਨ ਸਟਾਫ਼ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਬਜਾਏ ਹਫ਼ਤੇ ਦੇ ਹੋਰ ਦਿਨਾਂ ਵਿਚ ਛੁੱਟੀ ਮਿਲੇਗੀ। ਉਕਤ ਦੋਵੇਂ ਦਿਨਾਂ ਦੌਰਾਨ ਵੱਧ ਤੋਂ ਵੱਧ ਵੈਕਸੀਨੇਸ਼ਨ ਕੀਤੀ ਜਾਵੇਗੀ।
ਹਰਚਰਨ ਸਿੰਘ ਨੇ ਸੈਂਟਰ ਦੇ ਮੁਖੀ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਵੈਕਸੀਨੇਸ਼ਨ ਦੀ ਸਮਾਂ ਸਾਰਣੀ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਆਸ਼ਾ ਵਰਕਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਵੀ ਸਹਾਇਤਾ ਲਈ ਜਾਵੇ। ਲੋਕਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ। ਡਾਕਟਰਾਂ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਅਧੀਨ 26 ਸਬ ਸੈਂਟਰ, 52 ਪਿੰਡ ਅਤੇ 1.50 ਲੱਖ ਲੋਕਾਂ ਦੀ ਆਬਾਦੀ ਪੈਂਦੀ ਹੈ। ਜਿਨ੍ਹਾਂ ਨੂੰ ਕਵਰ ਕਰਨ ਲਈ ਰੋਜ਼ਾਨਾ ਵੱਧ ਤੋਂ ਵੱਧ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਗਏ ਟੀਚੇ ਨੂੰ ਹੈ ਹੀਲੇ ਪੂਰਾ ਕੀਤਾ ਜਾਵੇਗਾ।
ਕਿਸਾਨਾਂ ਵਲੋਂ ਗੁਹਾਰ ਲਾਉਣ ’ਤੇ DC ਨੇ SDM ਨੂੰ ਦਿੱਤੇ ਨਿਰਦੇਸ਼, ਕਿਹਾ ‘ਤੁਰੰਤ ਕਿਸਾਨਾਂ ਨੂੰ ਦਿੱਤੇ ਜਾਣ ਖ਼ਰਾਬੇ ਦੇ ਪੈਸੇ’
NEXT STORY