ਚੰਡੀਗੜ੍ਹ (ਰਮਨਜੀਤ) : ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਅਹਿਮ ਫ਼ੈਸਲਾ ਲਿਆ ਕਿ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਬੀਮਾਰ ਪਸ਼ੂਆਂ ਦਾ ਐਸੋਸੀਏਸ਼ਨ ਵੱਲੋਂ ਦਿਨ-ਰਾਤ ਮੁਫ਼ਤ ਇਲਾਜ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਰਾਜੀਵ ਮਲਹੋਤਰਾ, ਗੁਰਦੀਪ ਬਾਸੀ, ਕਿਸ਼ਨ ਚੰਦਰ ਮਹਾਜਨ, ਜਗਰਾਜ ਟੱਲੇਵਾਲ, ਮਨਦੀਪ ਸਿੰਘ ਗਿੱਲ, ਜਗਸੀਰ ਸਿੰਘ ਖਿਆਲਾ, ਦਲਜੀਤ ਸਿੰਘ ਰਾਜਾਤਾਲ, ਬਲਦੇਵ ਸਿੰਘ ਸਿੱਧੂ, ਸਤਨਾਮ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਜੀਰਾ ਆਦਿ ਆਗੂ ਮੌਜੂਦ ਸਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਬਿਜਲੀ ਸੋਧ ਬਿੱਲ ਵਰਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਸਿਰ-ਧੜ ਦੀ ਬਾਜ਼ੀ ਲਾ ਕੇ ਬੈਠੇ ਹੋਏ ਹਨ ਅਤੇ ਕਿਸਾਨਾਂ ਨੇ ਆਪਣੇ ਸੰਘਰਸ਼ ਖ਼ਾਤਰ ਕੜਾਕੇ ਦੀ ਠੰਡ 'ਚ ਆਪਣਾ ਘਰ-ਬਾਰ ਛੱਡਿਆ ਹੋਇਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦਾ ਇਕ-ਇਕ ਵੈਟਨਰੀ ਇੰਸਪੈਕਟਰ ਅਜਿਹੇ ਕਿਸਾਨਾਂ ਦੇ ਬੀਮਾਰ ਪਸ਼ੂਆਂ ਦਾ ਦਿਨ-ਰਾਤ ਮੁਫ਼ਤ ਇਲਾਜ ਕਰੇਗਾ ਅਤੇ ਸੰਘਰਸ਼ਸ਼ੀਲ ਪਰਿਵਾਰਾਂ ਨੂੰ ਜੇਕਰ ਕੋਈ ਹੋਰ ਮੁਸ਼ਕਲ ਆਵੇਗੀ ਤਾਂ ਉਸ 'ਚ ਵੀ ਉਨ੍ਹਾਂ ਪਰਿਵਾਰਾਂ ਦਾ ਐਸੋਸੀਏਸ਼ਨ ਡੱਟ ਕੇ ਸਾਥ ਦੇਵੇਗੀ।
ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ ਨੇ ਪੰਜਾਬ ਦੇ ਵੈਟਨਰੀ ਇੰਸਪੈਕਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸੰਘਰਸ਼ ਕਰ ਰਹੇ ਕਿਸਾਨਾਂ, ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀਆਂ ਦੁੱਖ -ਤਕਲੀਫਾਂ ਪੁੱਛ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਤੁਰੰਤ ਦੂਰ ਕਰਨ ਦੀ ਕ੍ਰਿਪਾਲਤਾ ਕਰਨ।
ਉਗਰਾਹਾਂ ਦਾ ਐਲਾਨ, ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਲਵਾਂਗੇ ਦਮ
NEXT STORY