ਚੰਡੀਗੜ੍ਹ (ਮਨਪ੍ਰੀਤ) : ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ. ਪੀ. ਰਾਧਾਕ੍ਰਿਸ਼ਨਨ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਦੌਰਾ ਕਰਨਗੇ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਟ੍ਰੈਫਿਕ ਪੁਲਸ ਨੇ ਸ਼ਹਿਰ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਲਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਦੌਰੇ ਦੌਰਾਨ ਉਪ-ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਵਿਖੇ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ (ਐੱਸ.ਏ.ਆਈ.ਐੱਫ/ਸੀ.ਆਈ.ਐੱਲ) ਤੇ ਪੰਜਾਬ ਯੂਨੀਵਰਸਿਟੀ ਟੈੱਕ ਇਨੋਵੇਸ਼ਨ ਫੋਰਮ ਦਾ ਉਦਘਾਟਨ ਕਰਨਗੇ। ਇਹ ਦੋਵੇਂ ਪਹਿਲਕਦਮੀਆਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਤੇ ਸਟਾਰਟਅੱਪ ਈਕੋ-ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਮੰਨੀਆਂ ਜਾ ਰਹੀਆਂ ਹਨ।
ਇਨ੍ਹਾਂ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਰਹੇਗੀ ਪ੍ਰਭਾਵਿਤ
ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਉਪ ਰਾਸ਼ਟਰਪਤੀ ਦੇ ਆਉਣ ਤੇ ਵਾਪਸੀ ਸਮੇਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਨੂੰ ਕੁੱਝ ਸਮੇਂ ਲਈ ਡਾਈਵਰਟ ਤੇ ਰੈਗੂਲੇਟ ਕੀਤਾ ਜਾਵੇਗਾ। ਸਵੇਰੇ 10.30 ਤੋਂ 11.30 ਵਜੇ ਤੱਕ ਅਤੇ ਬਾਅਦ ਦੁਪਹਿਰ 2.45 ਤੋਂ 3.30 ਵਜੇ ਤੱਕ ਵੱਖ-ਵੱਖ ਰਸਤਿਆਂ ’ਤੇ ਟ੍ਰੈਫਿਕ ਪ੍ਰਬੰਧਾਂ ਵਿੱਚ ਤਬਦੀਲੀ ਰਹੇਗੀ। ਦੱਖਣ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ (ਸੈਕਟਰ 20/21-33/34) ਤੱਕ ਤੇ ਸਰੋਵਰ ਪਥ ’ਤੇ ਨਿਊ ਲੇਬਰ ਚੌਂਕ ਤੋਂ ਸੈਕਟਰ 7/8-18/19 ਚੌਕ ਤੱਕ ਟ੍ਰੈਫਿਕ ਨੂੰ ਰੈਗੂਲੇਟ ਕੀਤਾ ਜਾਵੇਗਾ। ਇਸੇ ਤਰ੍ਹਾਂ ਮੱਧਿਆ ਮਾਰਗ ’ਤੇ ਸੈਕਟਰ 7/8-18/19 ਚੌਂਕ ਤੋਂ ਸੈਕਟਰ 11/12-14/15 ਚੌਕ (ਪੀ.ਜੀ.ਆਈ. ਚੌਕ) ਤੱਕ ਤੇ ਵਿੱਦਿਆ ਪਥ ’ਤੇ ਪੀ.ਜੀ.ਆਈ. ਚੌਂਕ ਤੋਂ ਸੈਕਟਰ 24/25 ਲਾਈਟ ਪੁਆਇੰਟ ਰਾਹੀਂ ਯੂ.ਆਈ.ਈ.ਟੀ., ਸੈਕਟਰ 25 ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ।
ਯੂਨੀਵਰਸਿਟੀ ਅੰਦਰ ਵੀ ਕਈ ਰਸਤੇ ਰਹਿਣਗੇ ਬੰਦ
ਪੰਜਾਬ ਯੂਨੀਵਰਸਿਟੀ ਸੈਕਟਰ-14 ਤੇ ਸੈਕਟਰ-25 ਕੈਂਪਸ ’ਚ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਜਾਂ ਵੀ.ਆਈ.ਪੀ. ਦੀ ਵਾਪਸੀ ਤੱਕ ਕੁੱਝ ਰਸਤੇ ਆਮ ਵਾਹਨਾਂ ਲਈ ਬੰਦ ਰਹਿਣਗੇ। ਗੇਟ ਨੰਬਰ-1 ਤੋਂ ਆਵਾਜਾਈ ਸਿਰਫ਼ ਸਵੇਰੇ 6 ਤੋਂ 9 ਵਜੇ ਤੱਕ ਤੇ ਦੁਪਹਿਰ 3 ਵਜੇ ਤੋਂ ਬਾਅਦ ਹੀ ਹੋ ਸਕੇਗੀ। ਗੇਟ ਨੰਬਰ-2 ਤੇ 3 ’ਤੇ ਵੀ ਨਿਰਧਾਰਤ ਸ਼੍ਰੇਣੀਆਂ ਦੇ ਵਾਹਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੌਰੇ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਤੇ ਸਾਈਕਲ ਟਰੈਕ, ਪੈਦਲ ਰਸਤਿਆਂ ਜਾਂ ‘ਨੋ ਪਾਰਕਿੰਗ’ ਵਾਲੇ ਇਲਾਕਿਆਂ ’ਚ ਵਾਹਨ ਨਾ ਖੜ੍ਹੇ ਕਰਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਲੋੜ ਪੈਣ ’ਤੇ ਵਾਹਨ ਟੋਅ ਵੀ ਕੀਤੇ ਜਾਣਗੇ। ਪੁਲਸ ਨੇ ਮਹਿਮਾਨਾਂ ਤੇ ਅਧਿਕਾਰੀਆਂ ਨੂੰ ਵੀ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਖੜ੍ਹੇ ਕਰਨ ਦੀ ਹਦਾਇਤ ਕੀਤੀ। ਲੋਕਾਂ ਨੂੰ ਟ੍ਰੈਫਿਕ ਨਾਲ ਸਬੰਧਤ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸੋਸ਼ਲ ਮੀਡੀਆ ਹੈਂਡਲਜ਼ ’ਤੇ ਅਪਡੇਟਸ ਦੇਖਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ ਬੋਰਡ ਦਾ Exams ਨੂੰ ਲੈ ਕੇ ਵੱਡਾ ਫ਼ੈਸਲਾ, ਹੁਣ ਪ੍ਰੀਖਿਆ ਹਾਲ 'ਚ ਘੁਸਰ-ਮੁਸਰ ਵੀ ਹੋਵੇਗੀ ਰਿਕਾਰਡ, ਤੁਰੰਤ...
NEXT STORY