ਗੁਰਦਾਸਪੁਰ (ਵਿਨੋਦ) : ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਇਕ ਪਟਵਾਰੀ ਨੂੰ ਜ਼ਮੀਨ ਤਬਾਦਲਾ ਕਰਨ ਲਈ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ ਰੂਪ 'ਚ ਲਏ 10 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀ.ਐੱਸ.ਪੀ ਨਵਜੋਤ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਵਿਜੀਲੈਂਸ ਆਰ.ਕੇ ਬਖਸ਼ੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਅਧੀਨ ਇਕ ਕਿਸਾਨ ਚੰਚਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੱਬਰੀ ਨੰਗਲ ਨੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਚਾਰ ਭਰਾ ਹਨ ਅਤੇ ਸਾਡੀ 74 ਕਨਾਲ ਜ਼ਮੀਨ ਪਿੰਡ ਬੱਬਰੀ ਨੰਗਲ ਵਿਚ ਅਤੇ 36 ਕਨਾਲ ਪਿੰਡ ਜੰਗਲ ਭਿਵਾਨੀ ਵਿਚ ਹੈ। ਉਨ੍ਹਾਂ ਦਾ ਇਕ ਭਰਾ ਰਘੁਬੀਰ ਸਿੰਘ ਪਿੰਡ ਜੰਗਲ ਭਵਾਨੀ ਵਿਚ ਰਹਿੰਦਾ ਹੈ ਅਤੇ 36 ਕਨਾਲ ਜ਼ਮੀਨ ਦੀ ਉਥੇ ਦੇਖਰੇਖ ਕਰਦਾ ਹੈ ਜਦਕਿ ਅਸੀਂ ਤਿੰਨੇ ਭਰਾ ਪਿੰਡ ਬੱਬਰੀ ਨੰਗਲ ਵਿਚ ਰਹਿੰਦੇ ਹਾਂ।
ਪਿੰਡ ਜੰਗਲ ਭਿਵਾਨੀ ਦੀ 36 ਕਨਾਲ ਜ਼ਮੀਨ ਦਾ ਤਬਾਦਲਾ ਰਘੁਬੀਰ ਸਿੰਘ ਦੇ ਨਾਮ ਕਰਨ 'ਤੇ ਪਟਵਾਰੀ ਵਿਕਰਮਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਖੋਖਰ ਉਨ੍ਹਾਂ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਿਸ ਲਈ ਅੱਜ ਪਟਵਾਰੀ ਨੇ ਪਹਿਲੀ ਕਿਸ਼ਤ ਦੇ ਰੂਪ ਵਿਚ 10 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਸੀ।
ਡੀ.ਐੱਸ.ਪੀ ਵਿਜੀਲੈਂਸ ਨੇ ਦੱਸਿਆ ਕਿ ਇਸ ਸੰਬੰਧੀ ਪਟਵਾਰੀ ਵਿਕਰਮਜੀਤ ਸਿੰਘ ਨੇ ਅੱਜ ਚੰਚਲ ਸਿੰਘ ਨੂੰ ਆਪਣੇ ਜੇਲ ਰੋਡ ਸਥਿਤ ਪ੍ਰਾਇਵੇਟ ਦਫ਼ਤਰ 'ਚ ਇਹ ਦਸ ਹਜ਼ਾਰ ਰੁਪਏ ਦੀ ਰਾਸ਼ੀ ਦੇਣ ਲਈ ਬੁਲਾਇਆ ਸੀ। ਇਸ ਸੰਬੰਧੀ ਚੰਚਲ ਸਿੰਘ ਨੂੰ ਨਿਸ਼ਾਨ ਲੱਗੇ ਨੋਟ ਦੇ ਕੇ ਪਟਵਾਰੀ ਨੂੰ ਦੇਣ ਲਈ ਭੇਜਿਆ ਗਿਆ। ਜਿਵੇਂ ਹੀ ਚੰਚਲ ਸਿੰਘ ਤੋਂ ਪਟਵਾਰੀ ਨੇ ਇਹ ਰਾਸ਼ੀ ਲਈ ਅਤੇ ਚੰਚਲ ਸਿੰਘ ਦਾ ਇਸ਼ਾਰਾ ਮਿਲਦੇ ਹੀ ਵਿਜੀਲੈਂਸ ਟੀਮ ਨੇ ਪਟਵਾਰੀ ਵਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਤੋਂ ਸਰਕਾਰੀ ਗਵਾਹਾਂ ਦੇ ਸਾਹਮਣੇ ਨਿਸ਼ਾਨ ਲੱਗੇ ਨੋਟ ਬਰਾਮਦ ਕਰ ਲਏ। ਦੋਸ਼ੀ ਦੇ ਵਿਰੁੱਧ ਭ੍ਹਿਸ਼ਟਾਚਾਰ ਨਿਰੋਧਕ ਕਾਨੂੰਨ ਅਧੀਨ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਜਲੰਧਰ: ਬਸਤੀ ਸ਼ੇਖ 'ਚ ਨਾਬਾਲਗ ਲੜਕੀ ਨਾਲ 2 ਲੜਕਿਆਂ ਨੇ ਕੀਤਾ ਜਬਰ-ਜ਼ਨਾਹ
NEXT STORY