ਹੁਸ਼ਿਆਰਪੁਰ (ਅਮਰੀਕ)— ਵਿਜੀਲੈਂਸ ਵਿਭਾਗ ਵੱਲੋਂ ਹੁਸ਼ਿਆਰਪੁਰ ਸਭਾ ਖੇਤਰ ਚੱਬੇਵਾਲ ਦੇ ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਡੀ. ਐੱਸ. ਪੀ. ਦਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਹਨ ਲਾਲ ਥਾਣਾ ਚੱਬੇਵਾਲ 'ਚ ਬਤੌਰ ਐਡੀਸ਼ਨਲ ਐੱਸ. ਐੱਚ. ਓ. ਤਾਇਨਾਤ ਹੈ। ਸੋਹਨ ਲਾਲ ਵੱਲੋਂ ਚੱਬੇਵਾਲ ਥਾਣਾ ਦੇ ਅਧੀਨ ਆਉਂਦੇ ਪਿੰਡ ਪੱਟੀ ਦੇ ਹਰਵਿੰਦਰ ਸਿੰਘ ਨੇ 50 ਹਜ਼ਾਰ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਸੀ। ਵਿਜੀਲੈਂਸ ਵਿਭਾਗ ਨੇ ਵਿਉਂਤ ਬੰਦੀ ਕਰਕੇ ਜਾਲ ਵਿਛਾ ਕੇ ਥਾਣਾ ਚੱਬੇਵਾਲ ਨੇੜੇ ਹੀ ਸੋਹਨ ਲਾਲ ਸਬ ਇੰਸਪੈਕਟਰ ਨੂੰ ਰੁਪਏ ਲੈਣ ਲਈ ਬੁਲਾਇਆ।

ਸੋਹਨ ਲਾਲ 'ਤੇ ਪੱਟੀ ਦੇ ਹਰਵਿੰਦਰ ਸਿੰਘ ਨੇ ਦੋਸ਼ ਲਗਾਏ ਹਨ ਕਿ ਸਬ ਇੰਸਪੈਕਟਰ ਸੋਹਨ ਲਾਲ ਨੇ ਜ਼ਮੀਨੀ ਇਕ ਲੜਾਈ-ਝਗੜੇ ਦੇ ਕੇਸ 'ਚ ਉਨ੍ਹਾਂ ਤੋਂ 50 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣ 'ਤੇ ਉਹ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ, ਜਿਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨਾਲ ਕੀਤੀ, ਜਿਸ ਤੋਂ ਬਾਅਦ ਸੋਹਨ ਲਾਲ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਦੀ ਰਾਸ਼ੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY