ਜਲੰਧਰ (ਖੁਰਾਣਾ) - ਨਗਰ ਨਿਗਮ ਚੋਣਾਂ ਸਮਾਪਤ ਹੋ ਚੁੱਕੀਆਂ ਹਨ ਅਤੇ ਸਾਰੇ ਨਤੀਜੇ ਬੀਤੀ ਰਾਤ ਹੀ ਐਲਾਨ ਦਿੱਤੇ ਗਏ। ਇਨ੍ਹਾਂ ਨਤੀਜਿਆਂ ’ਚ ਕਈ ਹੈਰਾਨ ਕਰਨ ਵਾਲੇ ਤੱਥ ਵੀ ਰਹੇ। ਨਤੀਜੇ ਨੂੰ ਦੇਖਿਆ ਜਾਵੇ ਤਾਂ ਨਿਗਮ ਚੋਣਾਂ ਵਿਚ ਇਸ ਵਾਰ ਸਭ ਤੋਂ ਘੱਟ ਲੀਡ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਨੂੰ ਮਿਲੀ, ਜਿਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਅਤੇ ਆਜ਼ਾਦ ਉਮੀਦਵਾਰ ਸ਼ਿਵਨਾਥ ਸਿੰਘ ਸ਼ਿੱਬੂ ਨੂੰ ਸਿਰਫ ਇਕ ਵੋਟ ਨਾਲ ਹਰਾਇਆ।
ਉਥੇ ਹੀ, ਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡੀ ਲੀਡ ਵਾਰਡ ਨੰਬਰ 62 ਤੋਂ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੀਤ ਧੀਰ ਨੂੰ ਮਿਲੀ। ਉਨ੍ਹਾਂ ਦੇ ਵਾਰਡ ਵਿਚ ਕੁੱਲ 4929 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਵਿਨੀਤ ਧੀਰ ਨੂੰ 4224 ਮਿਲੀਆਂ। ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹਾ ਕਾਂਗਰਸੀ ਉਮੀਦਵਾਰ 15 ਫੀਸਦੀ ਵੋਟਾਂ ਵੀ ਹਾਸਲ ਨਹੀਂ ਕਰ ਸਕਿਆ ਅਤੇ ਉਸ ਨੂੰ ਸਿਰਫ਼ 628 ਵੋਟਾਂ ਹੀ ਪ੍ਰਾਪਤ ਹੋਈਆਂ।
ਇਸ ਤਰ੍ਹਾਂ ਵਿਨੀਤ ਧੀਰ ਅਤੇ ਕਾਂਗਰਸੀ ਉਮੀਦਵਾਰ ਦਰਮਿਆਨ ਜਿੱਤ-ਹਾਰ ਦਾ ਫਰਕ 3596 ਰਿਹਾ, ਜੋ ਸ਼ਾਇਦ ਸਮੁੱਚੇ ਪੰਜਾਬ ਦੀਆਂ ਨਗਰ ਨਿਗਮਾਂ ਵਿਚੋਂ ਸਭ ਤੋਂ ਵੱਡੀ ਲੀਡ ਮੰਨੀ ਜਾ ਰਹੀ ਹੈ। ਇਥੇ ਵਿਨੀਤ ਧੀਰ ਦਾ ਦੂਜੇ ਉਮੀਦਵਾਰ ਨਾਲ ਸਿੱਧਾ ਮੁਕਾਬਲਾ ਸੀ ਅਤੇ ਕਿਸੇ ਹੋਰ ਉਮੀਦਵਾਰ ਨੇ ਇਥੋਂ ਚੋਣ ਲੜਨ ਦੀ ਹਿੰਮਤ ਹੀ ਨਹੀਂ ਕੀਤੀ।
ਡੱਲੇਵਾਲ ਦੀ ਹਾਲਤ ਨਾਜ਼ੁਕ, ਡਾਕਟਰ ਨੇ ਕੀਤਾ ਵੱਡਾ ਖੁਲਾਸਾ
NEXT STORY