ਅੰਮ੍ਰਿਤਸਰ (ਰਮਨ): ਅੰਮ੍ਰਿਤਸਰ ਪੁਲਸ ਨੇ ਬੀਤੇ ਦਿਨੀਂ ਵਾਪਰੀ ਲੁੱਟਖੋਹ ਦੀ ਇਕ ਵੱਡੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਇਕ ਨੌਜਵਾਨ ਨਾਲ ਲੁੱਟ ਦੀ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤ ਨਿਖਲ ਨਾਮਕ ਵਿਅਕਤੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਅੰਮ੍ਰਿਤਸਰ ਵਿਚ ਕਿਰਾਏ 'ਤੇ ਰਹਿ ਕੇ ਸੋਨੇ ਦੀ ਕਾਰੀਗਰੀ ਦਾ ਕੰਮ ਕਰਦਾ ਹੈ। ਬੀਤੀ 21 ਜੂਨ ਦੀ ਰਾਤ ਕਰੀਬ 11 ਵਜੇ ਜਦੋਂ ਉਹ ਕੰਮ ਤੋਂ ਵਾਪਸ ਆਪਣੇ ਘਰ ਲੋਹਗੜ੍ਹ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਤਾਕ ਵਿਚ ਬੈਠੇ ਪੰਜ ਵਿਅਕਤੀਆਂ ਨੇ ਉਸ ਨੂੰ ਇਕ ਸੁੰਨਸਾਨ ਗਲੀ ਵਿਚ ਘੇਰ ਲਿਆ।
ਏ.ਡੀ.ਸੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ਵਿਚ ਪਈ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਥਾਣਾ ਡੀ-ਡਵੀਜ਼ਨ ਵਿਚ ਮੁਕੱਦਮਾ ਨੰਬਰ 107 ਅਧੀਨ ਧਾਰਾ 310 ਅਤੇ 317 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਏ.ਸੀ.ਪੀ. ਸੁਰਿੰਦਰ ਸਿੰਘ ਅਤੇ ਥਾਣਾ ਡੀ-ਡਵੀਜ਼ਨ ਦੇ ਐੱਸ.ਐੱਚ.ਓ. ਸਮੇਤ ਪੁਲਸ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਨੂੰ ਜਲਦ ਟ੍ਰੇਸ ਕਰ ਲਿਆ ਗਿਆ। ਪੁਲਸ ਨੇ ਸ਼ਿਵਮ, ਸੌਰਵ, ਸੰਜੂ ਕੁਮਾਰ ਅਤੇ ਜੋਬਿਨਾ ਉਰਫ਼ ਇਲਾ ਨਾਮਕ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਮੁਲਜ਼ਮ ਲੋਹਗੜ੍ਹ ਅਤੇ ਇਨਰ ਵਰਲਡ ਸਿਟੀ ਇਲਾਕੇ ਦੇ ਰਹਿਣ ਵਾਲੇ ਹਨ।
ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਵਿਕੀ ਉਰਫ਼ ਕੈਸ਼ ਅਜੇ ਫਰਾਰ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਮੁਲਜ਼ਮਾਂ ਕੋਲੋਂ ਲੁੱਟੀ ਗਈ ਰਕਮ ਵਿਚੋਂ 2 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ, ਜਦਕਿ ਬਾਕੀ ਰਕਮ ਵੀ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਕੀਤੀ ਜਾਵੇਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਤੋਂ ਯੋਜਨਾ ਬਣਾਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫਰਾਰ ਮੁਲਜ਼ਮ ਵਿਕੀ ਉਰਫ਼ ਕੈਸ਼ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਅਜਨਾਲਾ 'ਚ ਫੂਡ ਸੇਫਟੀ ਵਿਭਾਗ ਦਾ ਛਾਪਾ, ਡੇਅਰੀ ਉਤਪਾਦਾਂ ਦੇ ਭਰੇ ਗਏ ਸੈਂਪਲ
NEXT STORY