ਅਬੋਹਰ (ਸੁਨੀਲ) : ਬੀਤੀ ਅੱਧੀ ਰਾਤ ਤੋਂ ਲੈ ਕੇ ਤੜਕੇ ਸਵੇਰ ਤੱਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਲਕਾ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ ਹੋਰ ਗਿਰਾਵਟ ਆਉਣ ਕਾਰਨ ਲੋਕ ਸਵੇਰੇ ਹੀ ਕੰਬਦੇ ਦੇਖੇ ਗਏ। ਰਾਤ ਸਾਢੇ 12 ਵਜੇ ਤੋਂ ਸਵੇਰੇ ਸਾਢੇ 6 ਵਜੇ ਤੱਕ ਹੋਈ ਹਲਕੀ ਬਾਰਸ਼ ਕਾਰਨ ਮੌਸਮ ਨੇ ਕਰਵਟ ਲੈ ਲਈ। ਠੰਡ ਦੇ ਮੌਸਮ ਦੀ ਇਹ ਪਹਿਲੀ ਬਾਰਸ਼ ਹੁਣ ਆਉਣ ਵਾਲੇ ਦਿਨਾਂ ’ਚ ਧੁੰਦ ਲੈ ਕੇ ਆਵੇਗੀ।
ਇੱਥੇ ਕੜਾਕੇ ਦੀ ਠੰਡ ਸ਼ੁਰੂ ਹੋਣ ਦੇ ਨਾਲ ਹੀ ਸ਼ਹਿਰ ਦੇ ਗਰਮ ਕੱਪੜਿਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ’ਤੇ ਗਾਹਕਾਂ ਦੀ ਭੀੜ ਅਚਾਨਕ ਵੱਧ ਗਈ ਅਤੇ ਲੋਕ ਗਰਮ ਦਸਤਾਨੇ, ਟੋਪੀ, ਕੋਟ ਅਤੇ ਜਰਸੀ ਦੀ ਖ਼ਰੀਦਦਾਰੀ ਕਰਦੇ ਦੇਖੇ ਗਏ। ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਸਾਰਾ ਦਿਨ ਗਾਹਕਾਂ ਦੀ ਭੀੜ ਰਹੀ, ਜਦੋਂਕਿ ਹੋਰ ਦੁਕਾਨਾਂ ’ਤੇ ਗਾਹਕਾਂ ਦੀ ਘਾਟ ਰਹੀ। ਕੜਾਕੇ ਦੀ ਠੰਡ ਤੋਂ ਬਚਾਅ ਲਈ ਲੋਕ ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕੇ ਹੋਏ ਦੇਖੇ ਗਏ।
ਬਰਸਾਤ ਕਾਰਨ ਆਉਣ ਵਾਲੇ ਦਿਨਾਂ ਵਿੱਚ ਧੁੰਦ ਛਾਈ ਰਹੇਗੀ, ਜਿਸ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋਣ ਦਾ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਕਪਤਾਨ ਵਰਿੰਦਰ ਸਿੰਘ ਬਰਾੜ ਨੇ ਥਾਣਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਰਿਫਲੈਕਟਰ ਨਾ ਲਗਾਉਣ ਵਾਲੇ ਵੱਡੇ ਚਾਰ ਪਹੀਆ ਵਾਹਨਾਂ ’ਤੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਧੁੰਦ ਅਤੇ ਰਾਤ ਵੇਲੇ ਇਹ ਵਾਹਨ ਹਾਦਸਿਆਂ ਦਾ ਕਾਰਨ ਨਾ ਬਣਨ। ਇਸ ਤੋਂ ਇਲਾਵਾ ਉਨ੍ਹਾਂ ਡਰਾਈਵਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਧੁੰਦ ਦੇ ਦਿਨਾਂ ਦੌਰਾਨ ਆਪਣੇ ਵਾਹਨਾਂ ਦੀ ਰਫ਼ਤਾਰ ਧੀਮੀ ਰੱਖਣ ਅਤੇ ਜਿੰਨਾ ਹੋ ਸਕੇ ਵਾਹਨਾਂ ਦੇ ਇੰਡੀਕੇਟਰ ਚਾਲੂ ਰੱਖਣ।
ਧਿਆਨ ਯੋਗ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਅਤੇ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 24 ਦਸੰਬਰ ਤੋਂ 1 ਜਨਵਰੀ ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ, ਜਿਸ ਨਾਲ ਸਕੂਲੀ ਬੱਚਿਆਂ ਨੂੰ ਇਸ ਠੰਡ ਤੋਂ ਕਾਫੀ ਰਾਹਤ ਮਿਲੇਗੀ। ਅੱਜ 23 ਦਸੰਬਰ ਨੂੰ ਬੱਚਿਆਂ ਨੂੰ ਛੁੱਟੀ ਤੋਂ ਪਹਿਲਾਂ ਆਖ਼ਰੀ ਦਿਨ ਸਕੂਲ ਪਹੁੰਚੇ ਤਾਂ ਜੋ ਉਨ੍ਹਾਂ ਨੂੰ ਸਕੂਲ ਵਿੱਚ ਛੁੱਟੀਆਂ ਦਾ ਕੰਮ ਮਿਲ ਸਕਣ ਅਤੇ ਉਹ ਘਰਾਂ ਵਿੱਚ ਬੈਠ ਕੇ ਆਰਾਮ ਨਾਲ ਅਪਣਾ ਹੋਮਵਰਕ ਕਰ ਸਕਣ।
ਜਲੰਧਰ 'ਚ ਬਣ ਸਕਦੈ 'ਆਪ' ਦਾ ਮੇਅਰ, ਕਾਂਗਰਸ ਦੀ ਇਕ ਹੋਰ ਕੌਂਸਲਰ ਨੇ ਮਾਰੀ ਪਲਟੀ
NEXT STORY